ਇਹ ਖ਼ੁਦਕੁਸ਼ੀ ਨਹੀਂ ਜਨਾਬ! ਕਤਲ ਹੈ (ਕਾਂਡ 3)

ਲਾਨ ’ਚ ਹੁਣ ਜਮਘਟ ਜਿਹਾ ਲੱਗ ਗਿਆ ਸੀ। ਵਿਦਿਆਰਥਣਾਂ, ਜੋ ਪਹਿਲਾਂ ਵੱਖ-ਵੱਖ ਟੋਲਿਆਂ ’ਚ ਖੜ੍ਹੀਆਂ ਸਨ, ਹੁਣ ਇੱਕ ਸਮੂਹਿਕ ਇਕੱਠ ਦੇ ਰੁਪ ਵਿੱਚ, ਸਿਰ ਉਤਾਂਹ ਚੁੱਕ-ਚੁੱਕ ਕੇ ਵਾਰਦਾਤ ਵਾਲੇ ਕਮਰੇ ਵੱਲ ਵੇਖ ਰਹੀਆਂ ਸਨ।

ਅੱਠ-ਦਸ ਪੱਤਰਕਾਰ ਬਿਰਾਦਰੀ-ਵੀਰ ਵੀ ਪਹੁੰਚ ਚੁੱਕੇ ਸਨ, ਜਿੰਨ੍ਹਾਂ ’ਚੋਂ ਕੁਝੇਕ ਤਾਂ ਵਾਰਡਨ ਅਤੇ ਪ੍ਰਿੰਸੀਪਲ ਨੂੰ ਘੇਰੀ ਖੜ੍ਹੇ ਸਨ ਅਤੇ ਕੁਝੇਕ ਠਰਕੀ ਕਿਸਮ ਦੇ ਪੱਤਰਕਾਰ ਵਿਦਿਆਰਥਣ ਕੁੜੀਆਂ ਦੇ ਨੁਕਤਾ-ਨਿਗਾਹ ਜਾਨਣ ਦੇ ਬਹਾਨੇ, ਉਹਨਾਂ ਨਾਲ ਗੱਲਾਂ ਮਾਰਨ ’ਚ ਰੁੱਝੇ ਹੋਏ ਸਨ, ਜਾਂ ਇਉਂ ਕਹਿ ਲਓ ਕਿ ਲਾਲ਼ਾਂ ਸੁੱਟ ਰਹੇ ਸਨ, ਠਰਕ ਭੋਰ ਰਹੇ ਸਨ।
ਏ.ਐੱਸ.ਆਈ. ਸਰਦੂਲ ਸਿੰਘ ਬਾਹਰ ਕੁਰਸੀ ’ਤੇ ਬੈਠਾ, ਆਪਣੀ ਇਤਿਹਾਸਕ ਡਾਇਰੀ ’ਚ ਕੁਝ ਦਰਜ ਕਰਨ ’ਚ ਰੁੱਝਾ ਹੋਇਆ ਸੀ।
ਉਧਰੋਂ ਵਾਰਡਨ ਪੱਤਰਕਾਰਾਂ ਵੱਲੋਂ ਵਿਹਲੀ ਹੋ ਚੁੱਕੀ ਸੀ।
ਤੇਜਵੀਰ ਮੌਕਾ ਦੇਖ ਕੇ ਮੈਡਮ ਕੋਲ ਪੁੱਜਾ ਅਤੇ ਪੁੱਛਣ ਲੱਗਾ, “ਮੈਡਮ! ਲੜਕੀ ਦਾ ਪਤਾ ਠਿਕਾਣਾ ਤਾਂ ਮਾਲੂਮ ਹੋ ਹੀ ਗਿਆ ਹੋਵੇਗਾ?”
ਆਪਣੇ ਹੱਥ ’ਚ ਫੜੇ ਪਰਚੇ ਤੋਂ ਪੜ੍ਹ ਕੇ ਵਾਰਡਨ ਸਾਹਿਬਾ ਨੇ ਜਾਣਕਾਰੀ ਪ੍ਰਦਾਨ ਕੀਤੀ।

ਇਹ ਖ਼ੁਦਕੁਸ਼ੀ ਨਹੀਂ ਜਨਾਬ! ਕਤਲ ਹੈ (ਕਾਂਡ 2)

ਐੱਸ.ਬੀ.ਐੱਸ. ਕਾਲਜ ਪੰਜਾਬ ਦੇ ਚੋਣਵੇਂ ਕਾਲਜਾਂ ਵਿੱਚੋਂ ਇੱਕ ਸੀ। ਪੜ੍ਹਾਈ ਅਤੇ ਸਹੂਲਤਾਂ ਦੇ ਪੱਖ ਤੋਂ ਇਸ ਕਾਲਜ ਦਾ ਨਾਂ ਪੂਰੇ ਪੰਜਾਬ ਵਿੱਚ ਮੂਹਰਲੀ ਕਤਾਰ ਦੇ ਕਾਲਜਾਂ ਵਿੱਚ ਗਿਣਿਆ ਜਾਂਦਾ ਸੀ। ਸਿਰਫ਼ ਲੁਧਿਆਣਾ ਤੇ ਇਸਦੇ ਆਸ-ਪਾਸ ਦੇ ਇਲਾਕੇ ਤੋਂ ਹੀ ਨਹੀਂ, ਬਲਕਿ ਦੂਰ ਦੁਰਾਡੇ ਥਾਵਾਂ ਤੋਂ ਵੀ ਵਿਦਿਆਰਥੀ ਏਥੇ ਪੜ੍ਹਨ ਆਉਂਦੇ ਸਨ। ਆਜ਼ਾਦੀ ਤੋਂ ਪਹਿਲਾਂ ਦੇ ਹੋਂਦ ਵਿੱਚ ਆਏ ਇਸ ਵਿਸ਼ਾਲਾਕਾਰ ਕਾਲਜ ਦੀ ਕਾਫ਼ੀ ਸਾਰੀ ਬਿਲਡਿੰਗ ਅੰਗਰੇਜ਼ਾਂ ਦੇ ਜ਼ਮਾਨੇ ਦੀ ਬਣੀ ਹੋਈ ਸੀ ਅਤੇ ਬਾਕੀ ਸਮੇਂ-ਸਮੇਂ ਸਿਰ ਉਸ ਵਿੱਚ ਵਾਧਾ ਹੁੰਦਾ ਆ ਰਿਹਾ ਸੀ। ਕਾਲਜ ਦੇ ਵਿਦਿਆਰਥੀਆਂ ਲਈ ਕਾਲਜ ਵਿੱਚ ਕੁੜੀਆਂ ਅਤੇ ਮੁੰਡਿਆਂ ਲਈ ਦੋ ਅਲੱਗ-ਅਲੱਗ ਹੋਸਟਲ ਬਣੇ ਹੋਏ ਸਨ। ਮੁੰਡਿਆਂ ਦਾ ਹੋਸਟਲ ਕਾਲਜ ਕੈਂਪਸ ਦੀ ਦੱਖਣ ਦਿਸ਼ਾ ਵੱਲ, ਕੈਂਪਸ ਤੋਂ ਬਾਹਰ ਬਣਿਆ ਹੋਇਆ ਸੀ ਅਤੇ ਕੁੜੀਆˆ ਦਾ ਹੋਸਟਲ ਕੈਂਪਸ ਦੇ ਅੰਦਰ ਹੀ, ਕੈਂਪਸ ਦੇ ਉੱਤਰੀ ਪਾਸੇ ਵਿੱਚ ਸਥਿਤ ਸੀ।
ਕਾਲਜ ਦੇ ਮੇਨ ਗੇਟ ਦੇ ਅੱਗੇ ਪਹੁੰਚ ਕੇ ਤੇਜਵੀਰ ਨੇ ਮੋਟਰ ਸਾਈਕਲ ਦੀ ਬ੍ਰੇਕ ਲਗਾਈ ਅਤੇ ਗੇਟ ਦੇ ਨਾਲ਼ ਹੀ, ਦੀਵਾਰ ਦੇ ਨਾਲ਼-ਨਾਲ਼ ਖੜ੍ਹੇ ਵਾਹਨਾਂ ਵਿੱਚ ਆਪਣਾ ਮੋਟਰ ਸਾਈਕਲ ਪਾਰਕ ਕੀਤਾ ਅਤੇ ਉਹ ਦੋਵੇਂ ਪੰਜਾਬ ਦੇ ਇਸ ਇਤਿਹਾਸਕ ਕਾਲਜ ਵਿੱਚ ਪ੍ਰਵੇਸ਼ ਕਰ ਗਏ।
ਕਾਲਜ ਕੈਂਪਸ ਵਿੱਚ ਕਾਫ਼ੀ ਰੌਣਕ ਨਜ਼ਰ ਆ ਰਹੀ ਸੀ। ਲੱਗ ਰਿਹਾ ਸੀ ਕਿ ਹਾਦਸੇ ਦੀ ਖ਼ਬਰ ਅਜੇ ਆਮ ਨਹੀਂ ਸੀ ਹੋਈ, ਕਿਉਂਕਿ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਆਮ ਜਿਹੀਆਂ ਹੀ ਨਜ਼ਰ ਆ ਰਹੀਆਂ ਸਨ।

ਇਹ ਖ਼ੁਦਕੁਸ਼ੀ ਨਹੀਂ ਜਨਾਬ! ਕਤਲ ਹੈ (ਕਾਂਡ 1)

ਤੇਜਵੀਰ ਦੀ ਨੌਕਰੀ ਦਾ ਅੱਜ ਪਹਿਲਾ ਦਿਨ ਸੀ।
ਦਫ਼ਤਰ ਦੇ ਟਾਈਮ ਤੋਂ ਦਸ ਮਿੰਟ ਪਹਿਲਾਂ ਪਹੁੰਚਣ ਦੀ ਨੀਅਤ ਨਾਲ਼, ਤੇਜਵੀਰ ਨੇ ਫਟਾਫਟ ਨਾਸ਼ਤਾ ਕਰ ਚਾਹ ਦੀਆਂ ਦੋ ਘੁੱਟਾਂ ਭਰੀਆਂ ਤੇ ਆਪਣੇ ਫਲੈਟ ਨੂੰ ਜਿੰਦਾ ਮਾਰ, ਚਾਬੀ ਨਾਲ਼ ਦੇ ਫਲੈਟ ਦੇ ਮਾਲਿਕ ਬਜ਼ੁਰਗਵਾਰ ਚੌਹਾਨ ਸਾਹਬ ਦੇ ਹਵਾਲੇ ਕੀਤੀ ਅਤੇ ਆਪਣੇ ਦਫ਼ਤਰ ਵੱਲ ਰਵਾਨਾ ਹੋ ਗਿਆ।
ਆਪਣੀ ਮੋਟਰ ਸਾਈਕਲ ’ਤੇ ਸਵਾਰ ਹੋ ਤੇਜਵੀਰ ਨੇ ਰਾਜਗੁਰੂ ਨਗਰ ਸਥਿਤ ਆਪਣੇ ਫਲੈਟ ਤੋਂ ਬਾਹਰ ਨਿੱਕਲ ਕੇ, ਸ਼ਹਿਰ ਵੱਲ ਨੂੰ ਮੋੜ ਕੱਟਿਆ ਹੀ ਸੀ ਕਿ ਅੱਗੇ ‘ਵੈਸਟਐੱਨਡ ਮਾਲ’ ਦੇ ਸਾਹਮਣੇ ਸੜਕ ’ਤੇ ਉਸਨੂੰ ਕਾਫ਼ੀ ਇਕੱਠ ਜਿਹਾ ਨਜ਼ਰ ਆਇਆ। ਕਰੀਬ ਪਹੁੰਚ ਕੇ ਤੇਜਵੀਰ ਨੇ ਦੇਖਿਆ ਕਿ ਇੱਕ ਅੱਧਖੜ੍ਹ ਉਮਰ ਦਾ ਪਰਵਾਸੀ ਮਜ਼ਦੂਰ ਸੜਕ ਦੇ ਵਿਚਕਾਰ ਡਿੱਗਿਆ ਪਿਆ ਸੀ ਅਤੇ ਉਸਦੀ ਸੱਜੀ ਲੱਤ ਬੁਰੀ ਤਰ੍ਹਾਂ ਨਾਲ਼ ਜ਼ਖ਼ਮੀ ਸੀ। ਲੱਗ ਰਿਹਾ ਸੀ ਕਿ ਵਿਚਾਰਾ ਕਿਸੇ ਐਕਸੀਡੈਂਟ ਦਾ ਸ਼ਿਕਾਰ ਹੋ ਗਿਆ ਸੀ।
ਉੱਠਣ ਤੋਂ ਅਸਮਰੱਥ ਉਹ ਵਿਚਾਰਾ ਸੜਕ ’ਤੇ ਪਿਆ ਦਰਦ ਨਾਲ ਕਰਾਹ ਰਿਹਾ ਸੀ।
ਉਸਦੇ ਆਲੇ-ਦੁਆਲੇ ਤਮਾਸ਼ਬੀਨ ਰਾਹਗੀਰਾਂ ਦਾ ਜਮਘਟ ਲੱਗਿਆ ਹੋਇਆ ਸੀ।
“ਇਹਨਾਂ ਥ੍ਰੀ-ਵ੍ਹੀਲਰ ਵਾਲਿਆਂ ਨੇ ਤਾਂ ਅੱਤ ਚੱਕੀ ਪਈ ਆ।”
“ਅੱਖਾਂ ਬੰਦ ਕਰਕੇ ਚਲਾਉਂਦੇ ਨੇ ਸਹੁਰੀ ਦੇ!”
“ਬਾਈ ਜੀ! ਆਹ ਭਈਏ ਵੀ ਗੁਆਚੀ ਗਾਂ ਆਂਗੂੰ ਸੜਕ ਦੇ ਵਿਚਾਲ਼ੇ ਖੜ੍ਹ ਕੇ ਇਉਂ ਅੱਖਾਂ ਮੀਚ ਲੈਂਦੇ ਆ ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ।”
“ਪਰ ਉਹਨੇ ਸਾਲ਼ੇ ਥ੍ਰੀ-ਵ੍ਹੀਲਰ ਆਲ਼ੇ ਨੇ ਵੀ ਫੇਟ ਮਾਰਕੇ ਪਿਛੇ ਮੁੜ ਕੇ ਨੀਂ ਦੇਖਿਆ, ਬਈ ਬੰਦਾ ਮਰ ਗਿਆ ਕਿ ਜਿਉਂਦਾ!”
“ਬਾਈ ਜੀ! ਸਾਡੀ ਸਰਕਾਰ ਈ ਕੁੱਤੀ ਆ। ਸਾਲ਼ਾ ਕੋਈ ਸਿਸਟਮ ਈ ਨੀਂ ਇੰਡੀਆ ’ਚ! ਟ੍ਰੈਫਿਕ ਰੂਲਜ਼ ਦਾ ਤਾਂ ਨਾਮੋ-ਨਿਸ਼ਾਨ ਈ ਨੀਂ ਲੱਭਦਾ ਬਾਈ ਜੀ!”