ਇਹ ਖ਼ੁਦਕੁਸ਼ੀ ਨਹੀਂ ਜਨਾਬ! ਕਤਲ ਹੈ (ਕਾਂਡ 2)

ਐੱਸ.ਬੀ.ਐੱਸ. ਕਾਲਜ ਪੰਜਾਬ ਦੇ ਚੋਣਵੇਂ ਕਾਲਜਾਂ ਵਿੱਚੋਂ ਇੱਕ ਸੀ। ਪੜ੍ਹਾਈ ਅਤੇ ਸਹੂਲਤਾਂ ਦੇ ਪੱਖ ਤੋਂ ਇਸ ਕਾਲਜ ਦਾ ਨਾਂ ਪੂਰੇ ਪੰਜਾਬ ਵਿੱਚ ਮੂਹਰਲੀ ਕਤਾਰ ਦੇ ਕਾਲਜਾਂ ਵਿੱਚ ਗਿਣਿਆ ਜਾਂਦਾ ਸੀ। ਸਿਰਫ਼ ਲੁਧਿਆਣਾ ਤੇ ਇਸਦੇ ਆਸ-ਪਾਸ ਦੇ ਇਲਾਕੇ ਤੋਂ ਹੀ ਨਹੀਂ, ਬਲਕਿ ਦੂਰ ਦੁਰਾਡੇ ਥਾਵਾਂ ਤੋਂ ਵੀ ਵਿਦਿਆਰਥੀ ਏਥੇ ਪੜ੍ਹਨ ਆਉਂਦੇ ਸਨ। ਆਜ਼ਾਦੀ ਤੋਂ ਪਹਿਲਾਂ ਦੇ ਹੋਂਦ ਵਿੱਚ ਆਏ ਇਸ ਵਿਸ਼ਾਲਾਕਾਰ ਕਾਲਜ ਦੀ ਕਾਫ਼ੀ ਸਾਰੀ ਬਿਲਡਿੰਗ ਅੰਗਰੇਜ਼ਾਂ ਦੇ ਜ਼ਮਾਨੇ ਦੀ ਬਣੀ ਹੋਈ ਸੀ ਅਤੇ ਬਾਕੀ ਸਮੇਂ-ਸਮੇਂ ਸਿਰ ਉਸ ਵਿੱਚ ਵਾਧਾ ਹੁੰਦਾ ਆ ਰਿਹਾ ਸੀ। ਕਾਲਜ ਦੇ ਵਿਦਿਆਰਥੀਆਂ ਲਈ ਕਾਲਜ ਵਿੱਚ ਕੁੜੀਆਂ ਅਤੇ ਮੁੰਡਿਆਂ ਲਈ ਦੋ ਅਲੱਗ-ਅਲੱਗ ਹੋਸਟਲ ਬਣੇ ਹੋਏ ਸਨ। ਮੁੰਡਿਆਂ ਦਾ ਹੋਸਟਲ ਕਾਲਜ ਕੈਂਪਸ ਦੀ ਦੱਖਣ ਦਿਸ਼ਾ ਵੱਲ, ਕੈਂਪਸ ਤੋਂ ਬਾਹਰ ਬਣਿਆ ਹੋਇਆ ਸੀ ਅਤੇ ਕੁੜੀਆˆ ਦਾ ਹੋਸਟਲ ਕੈਂਪਸ ਦੇ ਅੰਦਰ ਹੀ, ਕੈਂਪਸ ਦੇ ਉੱਤਰੀ ਪਾਸੇ ਵਿੱਚ ਸਥਿਤ ਸੀ।
ਕਾਲਜ ਦੇ ਮੇਨ ਗੇਟ ਦੇ ਅੱਗੇ ਪਹੁੰਚ ਕੇ ਤੇਜਵੀਰ ਨੇ ਮੋਟਰ ਸਾਈਕਲ ਦੀ ਬ੍ਰੇਕ ਲਗਾਈ ਅਤੇ ਗੇਟ ਦੇ ਨਾਲ਼ ਹੀ, ਦੀਵਾਰ ਦੇ ਨਾਲ਼-ਨਾਲ਼ ਖੜ੍ਹੇ ਵਾਹਨਾਂ ਵਿੱਚ ਆਪਣਾ ਮੋਟਰ ਸਾਈਕਲ ਪਾਰਕ ਕੀਤਾ ਅਤੇ ਉਹ ਦੋਵੇਂ ਪੰਜਾਬ ਦੇ ਇਸ ਇਤਿਹਾਸਕ ਕਾਲਜ ਵਿੱਚ ਪ੍ਰਵੇਸ਼ ਕਰ ਗਏ।
ਕਾਲਜ ਕੈਂਪਸ ਵਿੱਚ ਕਾਫ਼ੀ ਰੌਣਕ ਨਜ਼ਰ ਆ ਰਹੀ ਸੀ। ਲੱਗ ਰਿਹਾ ਸੀ ਕਿ ਹਾਦਸੇ ਦੀ ਖ਼ਬਰ ਅਜੇ ਆਮ ਨਹੀਂ ਸੀ ਹੋਈ, ਕਿਉਂਕਿ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਆਮ ਜਿਹੀਆਂ ਹੀ ਨਜ਼ਰ ਆ ਰਹੀਆਂ ਸਨ।
ਗੇਟ ਦੇ ਨਾਲ਼ ਹੀ ਖੱਬੇ ਪਾਸੇ ਡਿਊਟੀ ’ਤੇ ਬੈਠੇ ਕਾਲਜ ਦੇ ਇੱਕ ਦਰਜਾ ਚਾਰ ਕਰਮਚਾਰੀ ਤੋਂ ਗਰਲਜ਼ ਹੋਸਟਲ ਦਾ ਰਾਹ ਪੁੱਛ, ਉਹ ਦੋਵੇਂ ਸੱਜੇ ਹੱਥ ਪਾਰਕ ਦੇ ਨਾਲ਼-ਨਾਲ਼ ਤੁਰ ਪਏ। ਅੱਗੇ ਕੈਨਟੀਨ ਦੇ ਸਾਹਮਣੇ ਵਾਲ਼ੀ ਸੜਕ ਦੇ ਅਖੀਰ ’ਤੇ ਹੋਸਟਲ ਦਾ ਗੇਟ ਦਿਸ ਪਿਆ ਅਤੇ ਉਹ ਦੋਵੇਂ ਤੇਜ਼ ਕਦਮਾਂ ਨਾਲ਼ ਆਸੇ-ਪਾਸੇ ਨਜ਼ਰ ਦੌੜਾਉਂਦੇ ਹੋਏ ਹੋਸਟਲ ਵੱਲ ਵਧੇ।
ਗੇਟ ਬੱਸ ਅੱਠ-ਦਸ ਕਦਮ ਦੀ ਦੂਰੀ ’ਤੇ ਹੀ ਰਹਿ ਗਿਆ ਸੀ ਕਿ ਇੱਕ ਪੁਲਿਸ ਦੀ ਜਿਪਸੀ ਗੇਟ ਦੇ ਅੱਗੇ ਆ ਕੇ ਰੁਕੀ। ਗੱਡੀ ’ਚੋਂ ਪਹਿਲਾਂ ਦੋ ਸਿਪਾਹੀ ਉੱਤਰੇ ਤੇ ਉਹਨਾਂ ਦੇ ਮਗਰ ਹੀ ਇੱਕ ਭਾਰੀ ਥੁਲਥੁਲ ਆਕਾਰ ਦਾ ਏ.ਐੱਸ.ਆਈ. ਉੱਤਰਿਆ।
ਉੱਤਰਦੇ ਸਾਰ ਹੀ ਏ.ਐੱਸ.ਆਈ. ਨੇ ਸਭ ਤੋਂ ਪਹਿਲਾਂ ਆਪਣੇ ਮੋਟੇ ਢਿੱਡ ’ਤੋਂ ਢਿਲਕਦੀ ਜਾ ਰਹੀ ਪੈਂਟ ਨੂੰ ਬੈਲਟ ਤੋਂ ਫੜ ਕੇ ਉਤਾˆਹ ਚੁੱਕਿਆ ਅਤੇ ਫਿਰ ਹੋਸਟਲ ਦੇ ਗੇਟ ਵੱਲ ਨੂੰ ਹੋ ਤੁਰਿਆ। ਸਿਪਾਹੀ ਉਸਦੇ ਪਿੱਛੇ-ਪਿੱਛੇ ਹੋ ਤੁਰੇ।
ਏ.ਐੱਸ.ਆਈ. ਨੇ ਆਪਣੇ ਖੱਬੇ ਹੱਥ ’ਚ ਬਾਬਾ ਆਦਮ ਵੇਲ਼ੇ ਦੀ ਇੱਕ ਖ਼ਸਤਾਹਾਲ ਡਾਇਰੀ ਫੜੀ ਹੋਈ ਸੀ। ਡਾਇਰੀ ਆਪਣੀ ਖ਼ਸਤਾਹਾਲ ਦਿੱਖ ਦੇ ਮੱਦੇਨਜ਼ਰ, ਏ.ਐੱਸ.ਆਈ. ਦੀ ਸ਼ਖ਼ਸੀਅਤ ਦੇ ਐਨ ਅਨੁਕੂਲ, ਬੜੀ ਢੁਕਵੀਂ ਜਗ੍ਹਾ ’ਤੇ ਮੌਜੂਦ ਲੱਗ ਰਹੀ ਸੀ।
ਤੇਜਵੀਰ ਨੂੰ ਨਾਲ਼ ਹੀ ਆਉਣ ਦਾ ਇਸ਼ਾਰਾ ਕਰ, ਗਗਨ ਨੇ ਤੇਜ਼ ਕਦਮੀਂ ਏ.ਐੱਸ.ਆਈ. ਦੇ ਮਗਰ  ਲਪਕਦਿਆਂ ਪਿੱਛਿਓˆ ਆਵਾਜ਼ ਲਗਾਈ।
“ਸਰਦੂਲ ਸਿੰਘ ਜੀ!”
ਏ.ਐੱਸ.ਆਈ. ਉਸ ਦੀ ਆਵਾਜ਼ ਸੁਣ ਕੇ ਠਿਠਕਿਆ, ਤੇ ਗਗਨ ਨੂੰ ਆਪਣੇ ਵੱਲ ਵਧਦਿਆਂ ਦੇਖ, ਬੜੇ ਰੁੱਖੇ ਜਿਹੇ ਢੰਗ ਨਾਲ਼ ਖਰ੍ਹਵੀˆ ਆਵਾਜ਼ ’ਚ ਬੋਲਿਆ।
“ਆ ਬਈ ਪੱਤਰਕਾਰਾ! ਖ਼ਬਰ ਲੱਗ ਗਈ ਥੋਨੂੰ ਵੀ?”
ਐਨੇ ਨੂੰ ਗਗਨ ਉਸਦੇ ਸਾਹਮਣੇ ਜਾ ਪੁੱਜਾ ਅਤੇ ਉਸਨੇ ਏ.ਐੱਸ.ਆਈ. ਵੱਲ ਆਪਣਾ ਸੱਜਾ ਹੱਥ ਮਿਲਾਉਣ ਲਈ ਅੱਗੇ ਵਧਾਇਆ। ਏ.ਐੱਸ.ਆਈ. ਨੇ ਬੜੇ ਅਨਮਨੇ ਢੰਗ ਨਾਲ਼ ਗਗਨ ਨਾਲ਼ ਹੱਥ ਮਿਲਾਇਆ ਅਤੇ ਤੇਜਵੀਰ ਦੀ ਉਪਸਥਿਤੀ ਨੂੰ ਤਾˆ ਉੱਕਿਆਂ ਹੀ ਅਣਗੌਲ਼ਿਆਂ ਕਰ ਦਿੱਤਾ। ਤੇਜਵੀਰ ਨੂੰ ਉਸ ਸ਼ਕਲ ਤੋਂ ਹੀ ਕਮੀਨੇ ਜਿਹੇ ਨਜ਼ਰ ਆ ਰਹੇ ਪੁਲਸੀਏ ਦੀ ਇਹ ਹਰਕਤ ਬਹੁਤ ਅੱਖੜੀ।
“ਇੱਕ ਤਾਂ ਸਾਲ਼ੀ ਆਹ ਕੁੱਤੀ ਨੌਕਰੀ ਪੁਲ਼ਸ ਦੀ, ਤੇ ਉੱਤੋਂ ਦੀ ਤੁਸੀਂ ਆ ਕੇ ਚਿੱਚੜਾਂ ਆਂਗੂੰ ਚੁੰਬੜ ਜਾਨੇ ਓਂ ਯਾਰ! ਪਰ ਐਨੀ ਛੇਤੀ ਵਾਰਦਾਤ ਦੀ ਖ਼ਬਰ ਕਿਵੇਂ ਹੋ ਗਈ ਥੋਨੂੰ?”
“ਅਸੀˆ ਤਾਂ ਮਾਅਰਾਜ ਦਰਸ਼ਨ ਕਰਨ ਆ ਗੇ ਥੋਡੇ।” ਉਸਦੇ ਸਵਾਲ ਨੂੰ ਉੱਕਾ ਈ ਅਣਗੌਲ਼ਿਆਂ ਕਰਦਿਆˆ, ਗਗਨ ਝੂਠਾ ਜਿਹਾ ਹਾਸਾ ਹੱਸਦਿਆਂ, ਝੱਟ ਦੇਣੇ ਬੋਲਿਆ, “ਮਾਲਕੋ, ਚੱਲੀਏ ਫਿਰ ਅੰਦਰ?”
ਪੁਲਿਸ ਆਈ ਦੇਖ ਕੇ ਹੋਸਟਲ ਦੇ ਗੇਟ ’ਤੇ ਬੈਠੀ ਇੱਕ ਅੱਧਖੜ੍ਹ ਜਿਹੀ ਔਰਤ ਨੇ ਆਪਣੇ ਆਪ ਹੀ ਗੇਟ ਖੋਲ੍ਹ ਦਿੱਤਾ। ਉਸਦੇ ਚਿਹਰੇ ’ਤੇ ਵਾਪਰੀ ਘਟਨਾ ਦਾ ਅਸਰ ਸਾਫ਼ ਝਲਕ ਰਿਹਾ ਸੀ।
“ਆਓ ਜੀ।” ਕਹਿ ਕੇ ਉਹ ਸਹਿਮੀ ਜਿਹੀ ਅੱਗੇ ਹੋ ਤੁਰੀ।
ਹੋਸਟਲ ਅੰਦਰ ਪ੍ਰਵੇਸ਼ ਕਰਦਿਆਂ ਹੀ ਤੇਜਵੀਰ ਨੂੰ ਮਾਹੌਲ ਵਿੱਚ ਵਰਤੇ ਭਾਰੀਪਨ ਦਾ ਅਹਿਸਾਸ ਹੋਣ ਲੱਗ ਪਿਆ। ਅੰਦਰ ਵੜਦੇ ਸਾਰ ਹੀ ਇੱਕ ਵੱਡਾ ਚੌਕੋਰ ਲਾੱਨ ਸੀ ਅਤੇ ਲਾੱਨ ਦੇ ਆਲੇ-ਦੁਆਲੇ ਸਾਹਮਣੇ ਵੱਲ ਨੂੰ, ਤਿੰਨ ਪਾਸੇ ਕਮਰਿਆਂ ਦੀਆਂ ਕਤਾਰਾਂ ਸਨ। ਗੇਟ ਵਾਲੀ ਸਾਈਡ ’ਤੇ ਕਮਰਿਆˆ ਜਿੰਨੀ ਉੱਚੀ ਹੀ ਇੱਕ ਵਿਸ਼ਾਲਾਕਾਰ ਦੀਵਾਰ ਸੀ। ਕਮਰਿਆਂ ਦੇ ਅੱਗੇ ਤਿੰਨੋਂ ਪਾਸੇ ਘੁੰਮਿਆ, ਬਾਰਾਂ ਕੁ ਫੁੱਟ ਚੌੜਾ ਇੱਕ ਲੰਮਾ ਸਾਰਾ ਵਰਾਂਡਾ ਸੀ, ਜਿਸਦੀ ਛੱਤ ਸਾਹਮਣੇ ਵਾਲ਼ੇ ਪਾਸੇ ਮਜ਼ਬੂਤ ਥਮ੍ਹਲਿਆˆ ਦੇ ਸਹਾਰੇ ਖੜ੍ਹੀ ਸੀ। ਸਾਹਮਣੇ ਅਤੇ ਸੱਜੇ ਪਾਸੇ ਵਾਲ਼ੇ ਕਮਰੇ ਕਾਫ਼ੀ ਪੁਰਾਣੇ ਬਣੇ ਹੋਏ ਲੱਗਦੇ ਸਨ, ਜਦਕਿ ਖੱਬੇ ਪਾਸੇ ਵਾਲ਼ੇ ਕਮਰੇ ਕਦਰਨ ਨਵੇˆ ਬਣੇ ਹੋਏ ਜਾਪ ਰਹੇ ਸਨ।
ਲਾੱਨ ਅਤੇ ਵਰਾˆਡੇ ਵਿੱਚ ਛੋਟੇ-ਛੋਟੇ ਝੁੰਡ ਬਣਾ ਕੇ ਵਿਦਿਆਰਥਣਾਂ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ। ਉਹਨਾਂ ਦੇ ਚਿਹਰਿਆˆ ’ਤੇ ਝਲਕ ਰਹੇ ਡਰ ਅਤੇ ਹੈਰਾਨੀ ਦੇ ਮਿਲੇ-ਜੁਲੇ ਭਾਵ, ਇਸ ਗੱਲ ਦੀ ਸਾਫ਼ ਚੁਗਲੀ ਕਰ ਰਹੇ ਸਨ ਕਿ ਉਹਨਾਂ ਦੀਆਂ ਗੱਲਾਂ ਦਾ ਵਿਸ਼ਾ, ਹੋਸਟਲ ’ਚ ਵਾਪਰੀ ਉਹ ਮੰਦਭਾਗੀ ਘਟਨਾ ਹੀ ਸੀ।
ਲਾੱਨ ਵਿੱਚ ਸਾਹਮਣਿਓਂ ਸੱਜੀ ਨੁੱਕਰ ਵੱਲ ਪਈਆਂ ਕੁਰਸੀਆਂ ਵੱਲ ਇਸ਼ਾਰਾ ਕਰ, ਉਹ ਅੱਧਖੜ੍ਹ ਔਰਤ ਆਪਣੇ ਸਥਾਨ ਵੱਲ ਨੂੰ ਵਾਪਿਸ ਪਰਤ ਗਈ।
ਉਹ ਸਭ ਕੁਰਸੀਆˆ ਵੱਲ ਨੂੰ ਹੋ ਤੁਰੇ।
ਏਨੇ ਚਿਰ ਨੂੰ ਉਹਨਾਂ ਕੁਰਸੀਆˆ ’ਤੇ ਬੈਠੇ ਲੋਕ ਵੀ ਉਹਨਾਂ ਵੱਲ ਆਕਰਸ਼ਿਤ ਹੋ ਚੁੱਕੇ ਸਨ। ਉਹਨਾਂ ਨੂੰ ਨੇੜੇ ਆਉਂਦਿਆਂ ਦੇਖ, ਉਹ ਆਪੋ-ਆਪਣੀਆਂ ਕੁਰਸੀਆਂ ’ਤੋਂ ਉੱਠ ਖੜੋਤੇ।
“ਸਤਿ ਸ੍ਰੀ ਅਕਾਲ ਜੀ! ਮਾਈ ਸੈਲਫ਼ ਪ੍ਰਿੰਸੀਪਲ ਬਲਦੇਵ ਸਿੰਘ ਸਰਨਾ!” ਚਿਹਰੇ ’ਤੇ ਗਹਿਰੀ ਪਰੇਸ਼ਾਨੀ ਦੇ ਭਾਵ ਲਈ ਕਾਲਜ ਦੇ ਪ੍ਰਿੰਸੀਪਲ ਨੇ ਏ.ਐੱਸ.ਆਈ. ਨਾਲ ਹੱਥ ਮਿਲਾ ਕੇ, ਬਾਕੀਆˆ ਵੱਲ ਹੱਥ ਜੋੜ ਦਿੱਤੇ ਅਤੇ ਫਿਰ ਨਾਲ ਖੜ੍ਹੀ ਚਾਲ਼ੀਆਂ ਦੇ ਪੇਟੇ ’ਚ ਪਹੁੰਚੀ, ਕਠੋਰ ਜਿਹੇ ਚਿਹਰੇ ਵਾਲ਼ੀ ਚਸ਼ਮਾਧਾਰੀ ਔਰਤ ਵੱਲ ਇਸ਼ਾਰਾ ਕਰਦਿਆਂ ਬੋਲਿਆ, “ਇਹ ਨੇ ਮੈਡਮ ਸਨੇਹ ਲਤਾ ਜੀ! ਇੱਥੋਂ ਦੇ ਵਾਰਡਨ।”
“ਬੜੀ ਮੁਸੀਬਤ ਪੈ ਗਈ ਏ ਸਰ! ਅਜਿਹਾ ਪਹਿਲਾਂ ਕਦੇ ਨੀਂ ਵਾਪਰਿਆ ਸਾਡੇ ਹੋਸਟਲ ’ਚ ਸਰ! ਮੈˆ ਤਾˆ ਸਗੋਂ ਆਪ ਕੁੜੀਆਂ ਦਾ ਮਾਵਾਂ ਤੋ ਵਧ ਕੇ ਖ਼ਿਆਲ ਰੱਖਦੀ ਆਂ। ਹਮੇਸ਼ਾਂ ਘਰ ਵਰਗਾ ਮਾਹੌਲ ਦਈ ਦਾ ਜੀ ਕੁੜੀਆਂ ਨੂੰ। ਜ਼ਰੂਰ ਕੋਈ ਘਰੇਲੂ ਪਰੇਸ਼ਾਨੀ ਹੋਣੀ ਆ ਜੀ ਕੁੜੀ ਨੂੰ।…ਮੇਰੇ ਐਨੇ ਸਾਲ ਦੇ ਕੈਰੀਅਰ ’ਚ ਅਜਿਹੀ ਸਮੱਸਿਆ ਪਹਿਲਾਂ ਕਦੇ ਨੀ ਆਈ ਜੀ!”
ਗੱਲ ਭਾਵੇਂ ਮੈਡਮ ਸਰਦੂਲ ਸਿੰਘ ਨਾਲ਼ ਹੀ ਕਰ ਰਹੀ ਸੀ, ਪਰ ਸਾਫ਼ ਜ਼ਾਹਿਰ ਹੋ ਰਿਹਾ ਸੀ ਕਿ ਅਸਲ ’ਚ ਉਹ ਪ੍ਰਿੰਸੀਪਲ ਨੂੰ ਹੀ ਸਫ਼ਾਈ ਦੇ ਰਹੀ ਸੀ।
“ਕਾਲਜ ਲਈ ਕਿੰਨੀ ਬਦਨਾਮੀ ਦੀ ਗੱਲ ਹੈ। ਦੋ ਮਹੀਨੇ ਰਹਿ ਗਏ ਨੇ ਰਿਟਾਇਰਮੈਂਟ ਨੂੰ, ਤੇ ਉੱਤੋਂ ਦੀ ਆਹ ਮੁਸੀਬਤ!”
ਪ੍ਰਿੰਸੀਪਲ ਦੇ ਮੱਥੇ ਦੀ ਤਿਉੜੀ ਸਗੋਂ ਹੋਰ ਗਹਿਰੀ ਹੋ ਗਈ।
“ਬਈ ਜੇ ਘਰੇ ਕੋਈ ਪ੍ਰਾਬਲਮ ਸੀ, ਤਾਂ ਜੋ ਕਰਨਾ ਸੀ ਆਪਣੇ ਘਰ ਜਾ ਕੇ ਕਰਨਾ ਸੀ! ਦੇਖੋ ਨਾ! ਸਾਨੂੰ ਤਾਂ ਕਿੰਨੀ ਪ੍ਰਾਬਲਮ ਫ਼ੇਸ ਕਰਨੀ ਪੈ ਰਹੀ ਐ।”
ਪ੍ਰਿੰਸੀਪਲ ’ਤੇ ਅਸਰ ਨਾ ਹੁੰਦਾ ਵੇਖ, ਹੁਣ ਮੈਡਮ ਨੇ ਮ੍ਰਿਤਕਾ ਪ੍ਰਤੀ ਆਪਣਾ ਰੋਸ ਜ਼ਾਹਿਰ ਕਰ ਦਿੱਤਾ।
ਜ਼ਾਹਿਰ ਸੀ ਕਿ ਦੋਵੇਂ ਬੜੀ ਪਰੇਸ਼ਾਨ ਹਾਲਤ ਵਿੱਚ ਸਨ, ਪਰ ਉਹਨਾˆ ਦੇ ਚਿਹਰਿਆਂ ’ਤੋਂ ਝਲਕ ਰਹੀ ਇਸ ਪਰੇਸ਼ਾਨੀ ਵਿੱਚੋਂ, ਓਥੇ ਹੋਈ ਉਸ ਨੌਜਵਾਨ ਮੌਤ ਦਾ ਦੁੱਖ ਬਿਲਕੁਲ ਨਦਾਰਦ ਸੀ।
ਕਿੰਨਾ ਸਵਾਰਥੀ ਮਨ ਹੈ ਇਨਸਾਨ ਦਾ ਕਿ ਉਸਨੂੰ ਆਪਣੇ ਤੋਂ ਸਿਵਾਏ ਕੁਝ ਨਜ਼ਰ ਹੀ ਨਹੀਂ ਆਉਂਦਾ। ਇਸ ਮੌਕੇ ‘ਸਾਹਿਰ ਸਾਹਬ’ ਦੀ ਗ਼ਜ਼ਲ ਦੇ ਇਹ ਬੋਲ ਤੇਜਵੀਰ ਦੇ ਜ਼ਿਹਨ ’ਚ ਗੂੰਜੇ।

ਕੌਨ ਰੋਤਾ ਹੈ ਕਿਸੀ ਔਰ ਕੀ ਖ਼ਾਤਿਰ ਐ ਦੋਸਤ!
ਸਬਕੋ ਅਪਨੀ ਹੀ ਕਿਸੀ ਬਾਤ ਪੇ ਰੋਨਾ ਆਯਾ

ਗ਼ਰਜ਼ਾˆ ਭਰੀ ਇਸ ਦੁਨੀਆˆ ਵਿੱਚ ਜਦ ਕਿਸੇ ਇਨਸਾਨ ਦੀ ਮੌਤ ਹੁੰਦੀ ਹੈ, ਤਾਂ ਮਾਂ-ਬਾਪ ਰੋਂਦੇ ਨੇ ਕਿ ਉਹਨਾˆ ਦੇ ਬੁਢਾਪੇ ਦੀ ਡੰਗੋਰੀ ਟੁੱਟ ਗਈ ਅਤੇ ਪਤਨੀ ਤੇ ਬੱਚੇ ਆਪਣੇ ਸਿਰ ’ਤੋਂ ਖੁੱਸ ਗਈ ਛਾਂ ਲਈ ਰੋਂਦੇ ਨੇ। ਜਿਸ ਲਈ ਗੁਜ਼ਰ ਚੁੱਕੇ ਸ਼ਖ਼ਸ ਦੀ ਜਿੰਨੀ ਅਹਿਮੀਅਤ, ਉਸਦਾ ਦੁੱਖ ਓਨਾ ਹੀ ਵੱਧ। ਐਸੀ ਹੀ ਗਰਜ਼ਾਂ ਦੇ ਤਾਣੇ-ਬਾਣੇ ’ਚ ਬੁਣੀ ਜ਼ਿੰਦਗੀ ਹੈ ਇਨਸਾਨ ਦੀ ਅਤੇ ਇਹਨਾˆ ਹੀ ਗਰਜ਼ਾਂ ਦੀਆਂ ਤੰਦਾਂ ਦੇ ਸਿਰਿਆਂ ’ਤੇ ਬੰਨ੍ਹੇ ਨੇ ਇਨਸਾਨੀ ਰਿਸ਼ਤੇ।
“ਮੁੱਦੇ ਦੀ ਗੱਲ ਕਰੋ ਪ੍ਰਿੰਸੀਪਲ ਸਾਅਬ, ਹੋਇਆ ਕੀ? ਜ਼ਰਾ ਇਹ ਤਫ਼ਸੀਲ ਨਾਲ ਦੱਸੋ।”
ਆਪਣੀ ਢਿਲਕੀ ਜਾ ਰਹੀ ਪੈਂਟ ਨੂੰ ਉਤਾਂਹ ਚੁੱਕਦਿਆਂ, ਸਰਦੂਲ ਸਿੰਘ ਰੁੱਖੇ ਜਿਹੇ ਸੁਰ ’ਚ ਬੋਲਿਆ।
“ਕੈਨਟੀਨ ਦਾ ਗੋਰਖਾ ਚਾਹ ਦੇਣ ਗਿਆ ਸੀ ਜੀ ਸਵੇਰੇ ਕੁੜੀ ਦੇ ਕਮਰੇ ’ਚ…।” ਪ੍ਰਿੰਸੀਪਲ ਦੇ ਮੂੰਹ ਖੋਲ੍ਹਣ ਤੋਂ ਪਹਿਲਾਂ ਹੀ ਵਾਰਡਨ ਸਹਿਬਾ ਬੋਲ ਪਏ,  “…ਮੁੰਡੂ ਨੇ ਬਥੇਰਾ ਬੂਹਾ ਭੰਨਿਆ ਜੀ! ਪਰ ਬੂਹਾ ਕਿੱਥੋਂ ਖੁੱਲ੍ਹਣਾ ਸੀ? ਫਿਰ ਉਹਨੇ ਜੀ ਨਾਲ਼ ਦੇ ਕਮਰੇ ਦੀਆਂ ਕੁੜੀਆˆ ਨੂੰ ਦੱਸਿਆ, ਤੇ ਉਹਨਾਂ ਮੈਨੂੰ ਬੁਲਾ ਲਿਆ। ਫੇਰ ਜੀ ਕੈਨਟੀਨ ਦੇ ਵਰਕਰਾਂ ’ਤੇ ਮਾਲੀ ਦੀ ਸਹਾਇਤਾ ਨਾਲ਼ ਬੂਹਾ ਤੁੜਵਾਇਆ ਤਾˆ ਹੇ ਰਾਮ! ਕੁੜੀ ਤਾਂ ਪੱਖੇ ਨਾਲ਼ ਲਟਕੀ ਪਈ!” ਕਹਿੰਦਿਆਂ ਮੈਡਮ ਦੇ ਸਰੀਰ ਨੇ ਜ਼ੋਰ ਨਾਲ਼ ਝੁਰਝੁਰੀ ਲਈ।
“ਕਿਸੇ ਨੇ ਕੋਈ ਛੇੜਖਾਨੀ ਤਾਂ ਨੀ ਕੀਤੀ ਲਾਸ਼ ਨਾਲ? ਮੇਰਾ ਮਤਲਬ ਬਈ ਦੇਖਣ ਦੀ ਕੋਸ਼ਿਸ਼ ਕੀਤੀ ਹੋਵੇ ਬਈ ਕੁੜੀ ਮਰ ਗਈ, ਜਾਂ ਜਿਉਂਦੀ ਹੋਵੇ ਹਾਲੇ?” ਸਰਦੂਲ ਸਿੰਘ ਨੇ ਸਵਾਲ ਕੀਤਾ।
“ਨੋ ਸਰ! ਐਡੀ ਤਾਂ ਗਰਦਨ ਹੋਈ ਪਈ ਸੀ ਕੁੜੀ ਦੀ! ਜੀਭ ਤੇ ਅੱਖਾਂ ਬਾਹਰ, ਓਹ ਮਾਈ ਗਾੱਡ! ਕਿੰਨਾ ਹਾੱਰੀਬਲ ਸੀਨ ਸੀ…ਮੈਨੂੰ ਤਾˆ ਜੀ ਇੱਕ ਹਾਰਟ ਅਟੈਕ ਹੀ ਆਉਣੋਂ ਬਚ ਗਿਆ ਬੱਸ। ਮੈਂ ਤਾਂ ਜੀ ਝੱਟ ਬੂਹੇ ਨੂੰ ਬਾਹਰੋਂ ਕੁੰਡੀ ਮਾਰੀ ਤੇ ਪ੍ਰਿੰਸੀਪਲ ਸਾਹਬ ਨੂੰ ਖ਼ਬਰ ਕਰ ਦਿੱਤੀ। ਤੇ ਉਹਨਾਂ ਤੁਹਾਨੂੰ ਫ਼ੋਨ ਕਰ ਤਾ ਜੀ! ਬੱਸ ਉਹ ਟਾਈਮ ਤੇ ਹੁਣ, ਅਸੀਂ ਏਥੇ ਹੀ ਬੈਠੇ ਹਾਂ ਤੇ ਬੂਹਾ ਉਵੇਂ ਈ ਬੰਦ ਏ।”
ਵਾਹੋ-ਦਾਹੀ ਬੋਲਦਿਆˆ ਸਾਹ ਈ ਚੜ੍ਹ ਗਿਆ ਵਿਚਾਰੀ ਮੈਡਮ ਨੂੰ।
“ਹੂੰ…ਚੰਗਾ ਕੀਤਾ। ਚਲੋ ਫਿਰ ਅਸੀਂ ਆਪਣੀ ਕਾਰਵਾਈ ਕਰਦੇ ਆਂ, ਤੁਸੀˆ ਐਥੇ ਈ ਰਹਿਣਾ। ਸਾਡੀ ਕਾਰਵਾਈ ਦੌਰਾਨ ਲੋੜ ਪੈ ਸਕਦੀ ਐ ਥੋਡੀ। ਚਲੋ ਜੀ! ਕਮਰਾ ਦਿਖਾਓ ਕਿਹੜਾ?”
ਮੈਡਮ ਨੂੰ ਆਖ ਸਰਦੂਲ ਸਿੰਘ ਨੇ ਸਿਪਾਹੀਆˆ ਨੂੰ ਨਾਲ਼ ਆਉਣ ਦਾ ਇਸ਼ਾਰਾ ਕੀਤਾ ਅਤੇ ਮੈਡਮ ਦੇ ਪਿੱਛੇ-ਪਿੱਛੇ ਹੋ ਤੁਰਿਆ। ਗਗਨ ਤੇ ਤੇਜਵੀਰ ਵੀ ਉਹਨਾਂ ਦੇ ਪਿੱਛੇ ਹੀ ਲਪਕੇ।
“ਤੁਸੀਂ ਕਿੱਧਰ ਨੂੰ ਤੁਰ ਪੇ ਬਈ? ਮੈਂ ਆਪੇ ਈ ਦੱਸ ਦੂੰ ਬਾਦ ’ਚ ਸਾਰੀ ਗੱਲਬਾਤ। ਤੁਸੀਂ ਬੈਠੋ ਓਥੇ ਈ।”
“ਮਾਲਕੋ! ਕੋਈ ਨਾ, ਅਸੀˆ ਵੀ ਇੱਕ ਅੱਧੀ ਫ਼ੋਟੋ ਲਾਹ ਲਾਂਗੇ ਅਖ਼ਬਾਰ ਲਈ!”
“ਚੱਲ ਠੀਕ ਆ, ਪਰ ਮੌਕਾਏ-ਵਾਰਦਾਤ ’ਤੇ ਕੋਈ ਛੇੜਖਾਨੀ ਨੀ ਹੋਣੀ ਚਾਹੀਦੀ।”
ਸਰਦੂਲ ਸਿੰਘ ਨੇ ਚਿਤਾਵਨੀ ਦਿੰਦਿਆਂ ਸਹਿਮਤੀ ਪ੍ਰਗਟਾਈ।
ਗਗਨ ਨੇ ਆਪਣੇ ਗਲ਼ੇ ’ਚ ਲਮਕਦੇ ਬੈਗ ’ਚੋਂ ਆਪਣਾ ਕੈਮਰਾ ਕੱਢਿਆ ਅਤੇ ਤੇਜਵੀਰ ਨੂੰ ਇਸ਼ਾਰਾ ਕਰਦਿਆਂ, ਸਰਦੂਲ ਸਿੰਘ ਦੇ ਮਗਰ ਈ ਹੋ ਤੁਰਿਆ।
ਕਮਰੇ ਅੱਗੇ ਪਹੁੰਚ ਕੇ ਸਰਦੂਲ ਸਿੰਘ ਨੇ ਇੱਕ ਸਿਪਾਹੀ ਨੂੰ ਦਰਵਾਜ਼ਾ ਖੋਲ੍ਹਣ ਦਾ ਹੁਕਮ ਦਿੱਤਾ।
ਦਰਵਾਜ਼ਾ ਖੁੱਲ੍ਹਦੇ ਸਾਰ ਹੀ ਅੰਦਰ ਦੇ ਹੌਲਨਾਕ ਮੰਜ਼ਰ ਦਾ ਨਜ਼ਾਰਾ ਕਰ, ਤੇਜਵੀਰ ਦੇ ਸਾਹ ਜਿਵੇਂ ਹਲ਼ਕ ’ਚ ਹੀ ਫਸ ਗਏ। ਜ਼ਿੰਦਗੀ ਵਿੱਚ ਪਹਿਲੀ ਵਾਰ ਏਸ ਹਾਲਤ ’ਚ ਪਹੁੰਚੀ, ਕਿਸੇ ਸੱਚਮੁੱਚ ਦੀ ਲਾਸ਼ ਨੂੰ, ਇਸ ਪ੍ਰਕਾਰ ਪ੍ਰਤੱਖ ਰੂਪ ਵਿੱਚ ਦੇਖਿਆ ਸੀ ਉਸਨੇ। ਮੌਤ ਦਾ ਇਹ ਘਿਨਾਉਣਾ ਰੂਪ ਦੇਖ, ਉਸਦੇ ਪੂਰੇ ਸਰੀਰ ’ਚ ਇੱਕ  ਜ਼ੋਰਦਾਰ ਝਰਨਾਹਟ ਜਿਹੀ ਫਿਰ ਗਈ। ਮਨ ਕੱਚਾ ਜਿਹਾ ਹੋ ਗਿਆ।
ਫਿਰ ਮਨ ਕੈੜਾ ਜਿਹਾ ਕਰ ਕੇ, ਉਸਨੇ ਲਾਸ਼ ਵੱਲ ਗਹੁ ਨਾਲ ਤੱਕਿਆ।
ਲਾਸ਼ ਇੱਕ ਪਤਲੀ ਜਿਹੀ ਨਾਈਲੋਨ ਦੀ ਰੱਸੀ ਦੇ ਸਹਾਰੇ ਲਟਕੀ ਹੋਈ ਸੀ, ਜੋ ਲਾਸ਼ ਦੀ ਗਰਦਨ ’ਚ, ਫੰਦੇ ਦੇ ਰੂਪ ਵਿੱਚ ਪਿਰੋਈ ਹੋਈ ਸੀ। ਰੱਸੀ ਦਾ ਦੂਸਰਾ ਸਿਰਾ ਛੱਤ ਨਾਲ਼ ਲਟਕਦੇ, ਇੱਕ ਪੁਰਾਣੇ ਜ਼ਮਾਨੇ ਦੇ ਵਜ਼ਨਦਾਰ ਅਤੇ ਮਜ਼ਬੂਤ ਪੱਖੇ ਨਾਲ ਬੰਨ੍ਹਿਆ ਹੋਇਆ ਸੀ। ਲਾਸ਼ ਦੀ ਜੀਭ ਬਾਹਰ ਲਮਕ ਰਹੀ ਸੀ ਤੇ ਅੱਖਾਂ ਬਾਹਰ ਨੂੰ ਆਈਆˆ ਪਈਆˆ ਸਨ। ਗਰਦਨ ਦੀ ਹੱਡੀ ਟੁੱਟਣ ਦੀ ਵਜ੍ਹਾ ਕਰਕੇ ਗਰਦਨ ਖਿੱਚ ਕੇ ਲੰਬੀ ਹੋ ਗਈ ਸੀ। ਸਰੀਰ ’ਤੇ ਕੱਪੜਿਆˆ ਦੇ ਨਾˆ ’ਤੇ ਸਿਰਫ਼ ਇੱਕ ਖੁੱਲ੍ਹੀ ਜਿਹੀ ਟੀ-ਸ਼ਰਟ ਪਹਿਨੀ ਹੋਈ ਸੀ, ਜੋ ਲਾਸ਼ ਦੇ ਪੱਟਾˆ ਤੱਕ ਆ ਰਹੀ ਸੀ ਅਤੇ ਅੰਦਰੋਂ ਅੰਦਰੂਨੀ ਵਸਤਰ ਨਦਾਰਦ ਜਾਪ ਰਹੇ ਸਨ।
“ਹੂੰ…ਤਾˆ ਫਿਰ ਮਾਮਲਾ ਖ਼ੁਦਕੁਸ਼ੀ ਦਾ ਐ!” ਕਹਿੰਦਿਆˆ ਸਰਦੂਲ ਸਿੰਘ ਆਪਣੀ ਖਸਤਾਹਾਲ ਡਾਇਰੀ ਖੋਲ੍ਹ ਕੇ, ਉਸ ਉੱਪਰ ਅੱਖਰ ਝਰੀਟਣ ਲੱਗ ਪਿਆ।
ਗਗਨ ਨੇ ਆਪਣਾ ਕੈਮਰਾ ਸੰਭਾਲਿਆ ਅਤੇ ਵੱਖੋ-ਵੱਖਰੇ ਐਂਗਲ ਤੋਂ ਦੋ-ਤਿੰਨ ਤਸਵੀਰਾਂ ਖਿੱਚ ਲਈਆਂ।
ਤੇਜਵੀਰ ਨੇ ਥੋੜ੍ਹਾ ਜਿਹਾ ਹੋਰ ਨੇੜੇ ਹੋ ਕੇ, ਲਾਸ਼ ਵੱਲ ਹੋਰ ਗਹੁ ਨਾਲ਼ ਵੇਖਿਆ। ਮੌਜੂਦਾ ਰੂਪ ਵਿੱਚ ਭਾਵੇਂ ਲਾਸ਼ ਦਾ ਚਿਹਰਾ ਬਹੁਤ ਭਿਆਨਕ ਨਜ਼ਰ ਆ ਰਿਹਾ ਸੀ, ਪਰ ਨੈਣ-ਨਕਸ਼ ਗਵਾਹੀ ਦੇ ਰਹੇ ਸਨ ਕਿ ਲੜਕੀ ਆਪਣੇ ਜੀਵਨ ’ਚ ਬਹੁਤ ਖ਼ੂਬਸੂਰਤ ਰਹੀ ਹੋਏਗੀ। ਚਿਹਰੇ ’ਤੇ ਕਾਫ਼ੀ ਸਲੀਕੇ ਨਾਲ਼ ਕੀਤੇ ਹੋਏ ਮੇਕਅੱਪ ਦੀ ਪਰਤ ਸਾਫ਼ ਨਜ਼ਰ ਆ ਰਹੀ ਸੀ, ਪਰ ਲਿਪਸਟਿਕ ਅਤੇ ਕੱਜਲ ਕਦਰਨ ਬਿੱਖਰ ਗਏ ਮਾਲੂਮ ਹੋ ਰਹੇ ਸਨ। ਲਾਸ਼ ਦਾ ਸਰੀਰ ਪੂਰੀ ਤਰ੍ਹਾˆ ਸਾˆਚੇ ’ਚ ਢਲਿਆ ਹੋਇਆ ਨਜ਼ਰ ਆ ਰਿਹਾ ਸੀ। ਲੱਤਾਂ-ਬਾਹਾਂ ’ਤੇ ਕਿਧਰੇ ਵੀ ਕੋਈ ਅਣਚਾਹੇ ਵਾਲ਼ ਨਜ਼ਰ ਨਹੀਂ ਆ ਰਹੇ ਸਨ। ਲੱਗ ਰਿਹਾ ਸੀ ਕਿ ਲੜਕੀ ਆਪਣੀ ਖ਼ੂਬਸੂਰਤੀ ਪ੍ਰਤੀ ਪੂਰਨ ਤੌਰ ਸੁਚੇਤ ਸੀ ਅਤੇ ਆਪਣੀ ਖ਼ੂਬਸੂਰਤੀ ਦਾ ਪੂਰਾ-ਪੂਰਾ ਖ਼ਿਆਲ ਰੱਖਦੀ ਸੀ। ਥੋੜ੍ਹਾ ਜਿਹਾ ਹੋਰ ਗਹੁ ਨਾਲ਼ ਦੇਖਣ ’ਤੇ ਤੇਜਵੀਰ ਨੂੰ ਉਸਦੀਆˆ ਬਾਹਾˆ ’ਤੇ ਸੂਈਆˆ ਚੁਭਣ ਜਿਹੇ ਕੁਝ ਨਿਸ਼ਾਨ ਦਿਖਾਈ ਦਿੱਤੇ, ਜਿਨ੍ਹਾਂ ਨੂੰ ‘ਪੰਕਚਰ ਵੂੰਡਜ਼’ ਕਿਹਾ ਜਾਂਦਾ ਹੈ। ਇਹ ਨਿਸ਼ਾਨ ਇੰਜੈਕਸ਼ਨ ਲੱਗਣ ਦੇ ਨਿਸ਼ਾਨ ਮਾਲੂਮ ਹੋ ਰਹੇ ਸਨ। ਲਾਸ਼ ਦੇ ਪੈਰ ਫਰਸ਼ ’ਤੋਂ ਤਕਰੀਬਨ ਤਿੰਨ ਕੁ ਫੁੱਟ ਉੱਪਰ, ਹਵਾ ’ਚ ਲਟਕ ਰਹੇ ਸਨ।
ਫਿਰ ਤੇਜਵੀਰ ਨੇ ਲਾਸ਼ ਤੋਂ ਨਜ਼ਰ ਹਟਾ ਕੇ, ਆਸ-ਪਾਸ ਪੂਰੇ ਕਮਰੇ ਵੱਲ ਬੜੇ ਗ਼ੌਰ ਨਾਲ ਨਿਗ੍ਹਾ ਦੌੜਾਈ। ਕਾਫ਼ੀ ਖੁੱਲ੍ਹਾ-ਡੁੱਲ੍ਹਾ ਆਇਤਾਕਾਰ ਕਮਰਾ ਸੀ ਅਤੇ ਕਮਰੇ ਦਾ ਦਰਵਾਜ਼ਾ ਦੀਵਾਰ ਦੇ ਵਿੱਚੋ-ਵਿੱਚ ਮੌਜੂਦ ਸੀ। ਦਰਵਾਜ਼ੇ ਵੱਲੋਂ ਸੱਜੀ ਅਤੇ ਖੱਬੀ ਦੀਵਾਰ ਨਾਲ਼, ਦੋ ਪੁਰਾਣੇ ਕਿਸਮ ਦੇ ਵੱਡ-ਆਕਾਰੇ ਮਜ਼ਬੂਤ ਮੰਜੇ ਡਹੇ ਹੋਏ ਸਨ। ਮੰਜਿਆਂ ਦੇ ਬਰਾਬਰ ਦੋਹਾਂ ਦੀਵਾਰਾਂ ’ਤੇ, ਦੀਵਾਰਾਂ ਦੇ ਵਿੱਚੋਂ ਹੀ ਕੱਢ ਕੇ ਬਣਾਈਆਂ ਹੋਈਆਂ ਦੋ ਅਲਮਾਰੀਆਂ ਮੌਜੂਦ ਸਨ, ਜਿੰਨ੍ਹਾਂ ਨੂੰ ਲੱਕੜੀ ਦੇ ਪੱਲੇ ਲੱਗੇ ਹੋਏ ਸਨ। ਸਾਹਮਣਿਓਂ ਖੱਬੇ ਕੋਨੇ ਵਿੱਚ ਇੱਕ ਸਟੱਡੀ ਟੇਬਲ ਲੱਗਿਆ ਹੋਇਆ ਸੀ ਅਤੇ ਨਾਲ਼ ਹੀ ਇੱਕ ਕੁਰਸੀ ਟਿਕਾਈ ਹੋਈ ਸੀ। ਸਟੱਡੀ ਟੇਬਲ ਦੇ ਉੱਤੇ ਦੀਵਾਰ ’ਤੇ ਇੱਕ ਕਿਤਾਬਾˆ ਦਾ ਰੈਕ ਬਣਿਆ ਹੋਇਆ ਸੀ। ਖੱਬੇ ਪਾਸੇ ਦੇ ਮੰਜੇ ’ਤੇ ਬਿਸਤਰੇ ਦੇ ਨਾˆ ’ਤੇ ਕੁਝ ਵੀ ਨਹੀਂ ਸੀ। ਸਟੱਡੀ ਟੇਬਲ ਅਤੇ ਕਿਤਾਬਾਂ ਦਾ ਰੈਕ ਵੀ ਕਿਤਾਬਾˆ ਵਗੈਰਾ ਤੋਂ ਨਿਰੋਲ ਖਾਲੀ ਸਨ। ਸੱਜੇ ਕੋਨੇ ਵਿੱਚ ਵੀ ਉਹੋ ਚੀਜ਼ਾˆ ਮੌਜੂਦ ਸਨ, ਪਰ ਸੱਜੇ ਪਾਸੇ ਦੇ ਕਿਤਾਬਾਂ ਦੇ ਰੈਕ ਵਿੱਚ ਕੁਝ ਕਿਤਾਬਾਂ ਅਤੇ ਨੋਟ-ਬੁੱਕਸ ਵਗੈਰਾ ਟਿਕਾਈਆਂ ਹੋਈਆਂ ਸਨ। ਪਰ ਸਟੱਡੀ ਟੇਬਲ ਅਤੇ ਕੁਰਸੀ ਆਪੋ-ਆਪਣੀ ਜਗ੍ਹਾ ’ਤੇ ਨਹੀਂ ਸਨ। ਕੁਰਸੀ ਦਰਵਾਜ਼ੇ ਵਾਲੇ ਪਾਸੇ, ਸੱਜੀ ਨੁੱਕਰ ਵੱਲ, ਲਾਸ਼ ਤੋਂ ਤਕਰੀਬਨ ਦਸ ਕੁ ਫੁੱਟ ਦੀ ਦੂਰੀ ਤੇ ਉੱਲਰੀ ਪਈ ਸੀ। ਸਟੱਡੀ ਟੇਬਲ ਲਾਸ਼ ਦੇ ਪੈਰਾˆ ਤੋਂ ਤਕਰੀਬਨ ਚਾਰ ਕੁ ਫੁੱਟ ਦੂਰ, ਸਿੱਧੀ ਹਾਲਤ ’ਚ ਪਿਆ ਸੀ, ਜੋ ਦੇਖਣ ਨੂੰ ਕਾਫ਼ੀ ਪੁਰਾਣਾ ਪਰ ਬਹੁਤ ਮਜ਼ਬੂਤ ਤੇ ਆਕਾਰ ’ਚ ਕਾਫ਼ੀ ਵੱਡਾ ਅਤੇ ਭਾਰੀ-ਭਰਕਮ ਪ੍ਰਤੀਤ ਹੋ ਰਿਹਾ ਸੀ। ਕੁਰਸੀ ਵੀ ਉਸੇ ਪ੍ਰਕਾਰ ਦੀ ਲੱਕੜੀ ਦੀ ਬਣੀ ਹੋਈ ਮਜ਼ਬੂਤ ਅਤੇ ਵਜ਼ਨਦਾਰ ਪ੍ਰਤੀਤ ਹੋ ਰਹੀ ਸੀ।
ਕਮਰੇ ਦੀ ਸਾਹਮਣੀ ਦੀਵਾਰ ’ਤੇ, ਦਰਵਾਜ਼ੇ ਦੇ ਬਿਲਕੁਲ ਸਾਹਮਣੇ, ਕਮਰੇ ਦੀ ਇੱਕਲੌਤੀ, ਤਕਰੀਬਨ ਤਿੰਨ ਬਾਈ ਸਾਢੇ ਕੁ ਚਾਰ ਫੁੱਟ ਦੀ, ਦੋ ਪੱਲਿਆਂ ਵਾਲੀ ਖਿੜਕੀ ਮੌਜੂਦ ਸੀ, ਜਿਸਦੇ ਪੱਲੇ ਆਪਸ ਵਿੱਚ ਪੂਰੀ ਤਰ੍ਹਾਂ ਭਿੜੇ ਹੋਏ ਨਹੀਂ ਸਨ ਅਤੇ ਵਿਚਲੀ ਝਿਰੀ ’ਚੋਂ ਇੱਕ ਮਜ਼ਬੂਤ ਜਾਪਦੀ ਗਰਿੱਲ ਲੱਗੀ ਨਜ਼ਰ ਆ ਰਹੀ ਸੀ। ਸੱਜੇ ਮੇਜ਼ ਵਾਲੇ ਪਾਸੇ ਦੇ ਫਰਸ਼ ’ਤੇ ਇੱਕ ਟੇਬਲ ਲੈਂਪ ਅਤੇ ਕੁਝ ਕਿਤਾਬਾਂ ਤੇ ਨੋਟ-ਬੁੱਕਸ ਫ਼ਰਸ਼ ’ਤੇ ਬਿੱਖਰੀਆਂ ਪਈਆਂ ਸਨ। ਮੰਜੇ ’ਤੇ ਵਿਛੇ ਬਿਸਤਰੇ ਦੀ ਹਾਲਤ ਗੁੱਛ-ਮੁੱਛ ਜਿਹੀ ਹੋਈ ਪਈ ਸੀ। ਮੰਜੇ ਦੇ ਨਾਲ਼ ਹੀ ਫਰਸ਼ ’ਤੇ, ਇੱਕ ਕਾਲ਼ੇ ਰੰਗ ਦੀ ਬ੍ਰਾ ਅਤੇ ਉਸਦੇ ਨਾਲ਼ ਦੀ ਹੀ ਪੈਂਟੀ ਪਈ ਸੀ, ਜੋ ਕਿ ਕਾਫ਼ੀ ਕੀਮਤੀ ਅਤੇ ਖ਼ਾਸ ਤੌਰ ਤੇ ਕਾਮ-ਉੱਤੇਜਕ ‘ਸੈਕਸੀ ਲਾਂਜਰੀਜ਼’ ਦੀ ਸ਼੍ਰੇਣੀ ਦੀ ਆਈਟਮ ਸੀ। ਮੰਜੇ ਦੇ ਨਾਲ਼ ਹੀ ਦਰਵਾਜ਼ੇ ਵਾਲ਼ੀ ਸਾਈਡ ਵਾਲ਼ੇ ਫ਼ਰਸ਼ ’ਤੇ ਇੱਕ ਇਸਤੇਮਾਲਸ਼ੁਦਾ ਸਿਗਰਟ ਦਾ ਟੋਟਾ ਅਤੇ ਕੰਡੋਮ ਦਾ ਇੱਕ ਖਾਲੀ ਪਾਊਚ ਪਿਆ ਸੀ।
ਪੂਰੇ ਕਮਰੇ ’ਚ ਨਜ਼ਰ ਦੌੜਾਉਣ ਉਪਰੰਤ ਤੇਜਵੀਰ ਦੀਆਂ ਨਜ਼ਰਾਂ ਫਿਰ ਤੋਂ ਲਾਸ਼ ਉੱਪਰ ਜਾ ਕੇਂਦਰਿਤ ਹੋਈਆਂ। ਅਚਾਨਕ ਉਸਦੀ ਨਜ਼ਰ ਲੜਕੀ ਦੇ ਸੱਜੇ ਹੱਥ ’ਤੇ ਪਈ। ਲੜਕੀ ਦੇ ਸੱਜੇ ਹੱਥ ਦੀ, ਅੰਗੂਠੇ ਦੇ ਨਾਲ਼ ਵਾਲੀ ਉਂਗਲ ਦੇ ਨਹੁੰ ਦਰਮਿਆਨ, ਜੋ ਆਪਣੇ ਬਾਕੀ ਦੇ ਸਾਥੀਆਂ ਵਰਗਾ ਹੀ ਸੀ, ਜੋ ਲੰਬੇ ਪਰ ਫ਼ੈਸ਼ਨੇਬਲ ਢੰਗ ਨਾਲ਼ ਬਾਕਾਇਦਾ ਤਰਾਸ਼ੇ ਹੋਏ ਸਨ ਅਤੇ ਜਿੰਨ੍ਹਾਂ ’ਤੇ ਸਲੀਕੇ ਨਾਲ ਟਰਾˆਸਪਰਿੰਟ ਨੇਲ ਪਾਲਿਸ਼ ਲਗਾਈ ਹੋਈ ਸੀ, ਥੋੜ੍ਹਾ ਜਿਹਾ ਮਾਸ ਫਸਿਆ ਹੋਇਆ ਅਤੇ ਖ਼ੂਨ ਲੱਗਿਆ ਹੋਇਆ ਨਜ਼ਰ ਆਇਆ।
ਫਿਰ ਉਸ ਨੇ ਗਗਨ ਦੇ ਹੱਥੋਂ ਕੈਮਰਾ ਫੜ, ਲਾਸ਼ ਅਤੇ ਕਮਰੇ ਦੀਆˆ ਵੱਖ-ਵੱਖ ਕੋਣਾਂ ’ਤੋਂ ਕੁਝ ਤਸਵੀਰਾਂ ਖਿੱਚੀਆਂ। ਗਗਨ ਦੀ ਸਮਝ ’ਚ ਕੁਝ ਨਹੀਂ ਆਇਆ ਕਿ ਉਹ ਕੀ ਕਰ ਰਿਹਾ ਸੀ। ਉਸਨੇ ਸਵਾਲੀਆ ਮੁਦਰਾ ’ਚ ਭਵਾˆ ਉਤਾˆਹ ਚੁੱਕੀਆˆ ਤਾˆ ਤੇਜਵੀਰ ਨੇ ਸੱਜਾ ਹੱਥ ਚੁੱਕ ਕੇ, ਅੱਖਾˆ ਮੀਚ, ਸਿਰ ਨਿਵਾ ਕੇ 'ਕੋਈ ਨਾ' ਦੀ ਮੁਦਰਾ ਦਾ ਮੁਜ਼ਾਹਰਾ ਕੀਤਾ ਤਾਂ ਗਗਨ ਨੇ ਵੀ ਬੇਪਰਵਾਹੀ ਜਿਹੀ ਨਾਲ ਸਿਰ ਝਟਕ ਦਿੱਤਾ।
ਏਨੇ ਨੂੰ ਸਰਦੂਲ ਸਿੰਘ ਨੇ ਹੁਕਮ ਦਨਦਨਾ ਦਿੱਤਾ।
“ਚਲੋ ਬਈ ਬਾਹਰ ਹੁਣ! ਪੁਲਿਸ ਦੀ ਸਪੈਸ਼ਲ ਟੀਮ ਪਹੁੰਚ ਗਈ ਆ, ਉਹਨਾˆ ਨੇ ਆਪਣੀ ਕਾਰਵਾਈ ਕਰਨੀ ਆ ਹੁਣ।”
ਬਾਹਰ ਨਿੱਕਲਦਿਆˆ ਤੇਜਵੀਰ ਨੇ ਸਵਾਲੀਆ ਨਜ਼ਰਾˆ ਨਾਲ ਗਗਨ ਵੱਲ ਵੇਖਿਆ ਤਾˆ ਗਗਨ ਨੇ ਉਸਦੀਆˆ ਨਜ਼ਰਾˆ ਦਾ ਮੰਤਵ ਸਮਝਦੇ ਹੋਏ ਜਵਾਬ ਦਿੱਤਾ।
“ਪੁਲਿਸ ਦਾ ਡਾਕਟਰ ਤੇ ਫ਼ਾੱਰੈਂਸਿਕ ਵਾਲ਼ੇ ਆਏ ਲੱਗਦੇ ਨੇ।”
ਉਹ ਬਾਹਰ ਨਿੱਕਲੇ ਤਾਂ ਉਹਨਾˆ ਦੇ ਸਾਹਮਣੇ ਹੀ ਇੱਕ ਡਾਕਟਰ ਤੇ ਤਿੰਨ ਕੁ ਬੰਦੇ ਹੋਰ, ਆਪਣੇ ਸਾਜ਼ੋ-ਸਾਮਾਨ ਸਮੇਤ ਕਮਰੇ ਵਿੱਚ ਪ੍ਰਵੇਸ਼ ਕਰ ਗਏ।

ਬਾਕੀ ਅਗਲੇ ਹਫਤੇ…


No comments:

Post a Comment