ਇਹ ਖ਼ੁਦਕੁਸ਼ੀ ਨਹੀਂ ਜਨਾਬ! ਕਤਲ ਹੈ (ਕਾਂਡ 1)

ਤੇਜਵੀਰ ਦੀ ਨੌਕਰੀ ਦਾ ਅੱਜ ਪਹਿਲਾ ਦਿਨ ਸੀ।
ਦਫ਼ਤਰ ਦੇ ਟਾਈਮ ਤੋਂ ਦਸ ਮਿੰਟ ਪਹਿਲਾਂ ਪਹੁੰਚਣ ਦੀ ਨੀਅਤ ਨਾਲ਼, ਤੇਜਵੀਰ ਨੇ ਫਟਾਫਟ ਨਾਸ਼ਤਾ ਕਰ ਚਾਹ ਦੀਆਂ ਦੋ ਘੁੱਟਾਂ ਭਰੀਆਂ ਤੇ ਆਪਣੇ ਫਲੈਟ ਨੂੰ ਜਿੰਦਾ ਮਾਰ, ਚਾਬੀ ਨਾਲ਼ ਦੇ ਫਲੈਟ ਦੇ ਮਾਲਿਕ ਬਜ਼ੁਰਗਵਾਰ ਚੌਹਾਨ ਸਾਹਬ ਦੇ ਹਵਾਲੇ ਕੀਤੀ ਅਤੇ ਆਪਣੇ ਦਫ਼ਤਰ ਵੱਲ ਰਵਾਨਾ ਹੋ ਗਿਆ।
ਆਪਣੀ ਮੋਟਰ ਸਾਈਕਲ ’ਤੇ ਸਵਾਰ ਹੋ ਤੇਜਵੀਰ ਨੇ ਰਾਜਗੁਰੂ ਨਗਰ ਸਥਿਤ ਆਪਣੇ ਫਲੈਟ ਤੋਂ ਬਾਹਰ ਨਿੱਕਲ ਕੇ, ਸ਼ਹਿਰ ਵੱਲ ਨੂੰ ਮੋੜ ਕੱਟਿਆ ਹੀ ਸੀ ਕਿ ਅੱਗੇ ‘ਵੈਸਟਐੱਨਡ ਮਾਲ’ ਦੇ ਸਾਹਮਣੇ ਸੜਕ ’ਤੇ ਉਸਨੂੰ ਕਾਫ਼ੀ ਇਕੱਠ ਜਿਹਾ ਨਜ਼ਰ ਆਇਆ। ਕਰੀਬ ਪਹੁੰਚ ਕੇ ਤੇਜਵੀਰ ਨੇ ਦੇਖਿਆ ਕਿ ਇੱਕ ਅੱਧਖੜ੍ਹ ਉਮਰ ਦਾ ਪਰਵਾਸੀ ਮਜ਼ਦੂਰ ਸੜਕ ਦੇ ਵਿਚਕਾਰ ਡਿੱਗਿਆ ਪਿਆ ਸੀ ਅਤੇ ਉਸਦੀ ਸੱਜੀ ਲੱਤ ਬੁਰੀ ਤਰ੍ਹਾਂ ਨਾਲ਼ ਜ਼ਖ਼ਮੀ ਸੀ। ਲੱਗ ਰਿਹਾ ਸੀ ਕਿ ਵਿਚਾਰਾ ਕਿਸੇ ਐਕਸੀਡੈਂਟ ਦਾ ਸ਼ਿਕਾਰ ਹੋ ਗਿਆ ਸੀ।
ਉੱਠਣ ਤੋਂ ਅਸਮਰੱਥ ਉਹ ਵਿਚਾਰਾ ਸੜਕ ’ਤੇ ਪਿਆ ਦਰਦ ਨਾਲ ਕਰਾਹ ਰਿਹਾ ਸੀ।
ਉਸਦੇ ਆਲੇ-ਦੁਆਲੇ ਤਮਾਸ਼ਬੀਨ ਰਾਹਗੀਰਾਂ ਦਾ ਜਮਘਟ ਲੱਗਿਆ ਹੋਇਆ ਸੀ।
“ਇਹਨਾਂ ਥ੍ਰੀ-ਵ੍ਹੀਲਰ ਵਾਲਿਆਂ ਨੇ ਤਾਂ ਅੱਤ ਚੱਕੀ ਪਈ ਆ।”
“ਅੱਖਾਂ ਬੰਦ ਕਰਕੇ ਚਲਾਉਂਦੇ ਨੇ ਸਹੁਰੀ ਦੇ!”
“ਬਾਈ ਜੀ! ਆਹ ਭਈਏ ਵੀ ਗੁਆਚੀ ਗਾਂ ਆਂਗੂੰ ਸੜਕ ਦੇ ਵਿਚਾਲ਼ੇ ਖੜ੍ਹ ਕੇ ਇਉਂ ਅੱਖਾਂ ਮੀਚ ਲੈਂਦੇ ਆ ਜਿਵੇਂ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੈਂਦਾ।”
“ਪਰ ਉਹਨੇ ਸਾਲ਼ੇ ਥ੍ਰੀ-ਵ੍ਹੀਲਰ ਆਲ਼ੇ ਨੇ ਵੀ ਫੇਟ ਮਾਰਕੇ ਪਿਛੇ ਮੁੜ ਕੇ ਨੀਂ ਦੇਖਿਆ, ਬਈ ਬੰਦਾ ਮਰ ਗਿਆ ਕਿ ਜਿਉਂਦਾ!”
“ਬਾਈ ਜੀ! ਸਾਡੀ ਸਰਕਾਰ ਈ ਕੁੱਤੀ ਆ। ਸਾਲ਼ਾ ਕੋਈ ਸਿਸਟਮ ਈ ਨੀਂ ਇੰਡੀਆ ’ਚ! ਟ੍ਰੈਫਿਕ ਰੂਲਜ਼ ਦਾ ਤਾਂ ਨਾਮੋ-ਨਿਸ਼ਾਨ ਈ ਨੀਂ ਲੱਭਦਾ ਬਾਈ ਜੀ!”
“ਠੀਕ ਕਿਹਾ ਭਾਈ ਸਾਹਬ! ਬਾਹਰਲੇ ਮੁਲਕਾਂ ’ਚ ਵੇਖ ਲਉ ਤੇ ਸਾਡੇ ਮੁਲਕ ਦਾ ਹਾਲ ਵੇਖ ਲਉ!”
ਜਿੰਨੇ ਮੂੰਹ ਓਨੀਆਂ ਗੱਲਾਂ…ਤੇ ਬੱਸ… ਸਿਰਫ਼ ਗੱਲਾਂ।
ਤੇਜਵੀਰ ਮੋਟਰ ਸਾਈਕਲ ਸੜਕ ਦੇ ਕਿਨਾਰੇ ਖੜ੍ਹੀ ਕਰ ਕੇ, ਤਮਾਸ਼ਬੀਨ ਭੀੜ ਨੂੰ ਚੀਰਦਾ ਹੋਇਆ ਡਿੱਗੇ ਪਏ ਮਜ਼ਦੂਰ ਵੱਲ ਹੋ ਤੁਰਿਆ।
ਮਜ਼ਦੂਰ ਵਿਚਾਰਾ ਦਰਦ ਨਾਲ਼ ਤਰਲੋ-ਮੱਛੀ ਹੋਇਆ ਪਿਆ ਸੀ।
ਉਸਨੇ ਝੱਟ ਮਜ਼ਦੂਰ ਨੂੰ ਸਹਾਰਾ ਦੇ ਕੇ ਉਠਾਇਆ ਤੇ ਔਖੇ-ਸੌਖੇ ਮੋਟਰ ਸਾਈਕਲ ਦੀ ਪਿਛਲੀ ਸੀਟ ’ਤੇ ਬਿਠਾ ਕੇ, ਅੱਗੇ ਪੈਂਦੇ ਗੁਰਦੇਵ ਹਸਪਤਾਲ ਵੱਲ ਨੂੰ ਰਵਾਨਾ ਹੋ ਪਿਆ।
ਹਸਪਤਾਲ ਵਿੱਚ ਮਜ਼ਦੂਰ ਨੂੰ ਡਾਕਟਰ ਦੇ ਹਵਾਲੇ ਕਰ ਜਦ ਤੇਜਵੀਰ ਨੇ ਘੜੀ ’ਤੇ ਨਿਗ੍ਹਾ ਮਾਰੀ ਤਾਂ ਨੌਂ ਵੱਜਣ ਨੂੰ ਤਾਂ ਏਥੇ ਹੀ ਤਿਆਰ ਪਏ ਸਨ।
ਪਰ ਬਲਿਹਾਰੇ ਜਾਈਏ ਲੁਧਿਆਣੇ ਸ਼ਹਿਰ ਦੇ ਟ੍ਰੈਫਿਕ ਦੇ, ਵਾਹੋ-ਦਾਹੀ ਸੜਕ ’ਤੇ ਆਪਣਾ ਮੋਟਰ ਸਾਈਕਲ ਦੌੜਾਉਂਦਿਆਂ ਵੀ, ਦਫ਼ਤਰ ਪਹੁੰਚਦਿਆਂ- ਪਹੁੰਚਦਿਆਂ, ਉਹ ਪੰਜ ਮਿੰਟ ਲੇਟ ਹੋ ਹੀ ਗਿਆ।
ਫ਼ਿਰੋਜ਼ਗਾਂਧੀ ਮਾਰਕੀਟ ਪਹੁੰਚ ਕੇ, ਆਪਣੇ ਦਫ਼ਤਰ ਦੀ ਬਿਲਡਿੰਗ ਦੀ ਪਾਰਕਿੰਗ ਵਿੱਚ ਬੜੀ ਮੁਸ਼ਕਿਲ ਨਾਲ ਆਪਣੀ ਮੋਟਰ ਸਾਈਕਲ ਪਾਰਕ ਕਰ, ਉਹ  ਵਾਹੋ-ਦਾਹੀ ਪੌੜੀਆਂ ਵੱਲ ਲਪਕਿਆ।
'ਰੋਜ਼ਾਨਾ ਖ਼ਬਰਨਾਮਾ' ਪੰਜਾਬੀ ਅਤੇ ਹਿੰਦੀ ਦੋਹਾਂ ਭਾਸ਼ਾਵਾਂ ਵਿੱਚ ਛਪਣ ਵਾਲਾ ਇੱਕ ਦੈਨਿਕ ਅਖ਼ਬਾਰ ਸੀ, ਜਿਸ ਵਿੱਚ ਇੱਕ ਪੱਤਰਕਾਰ ਦੇ ਤੌਰ ਤੇ ਤੇਜਵੀਰ ਦੀ ਤਾਜ਼ੀ-ਤਾਜ਼ੀ ਨੌਕਰੀ ਲੱਗੀ ਸੀ। ਦਫ਼ਤਰ ਬਿਲਡਿੰਗ ਦੀ ਤੀਸਰੀ ਮੰਜ਼ਿਲ ਉੱਤੇ ਸਥਿਤ ਸੀ। ਤੇਜ਼-ਤੇਜ਼ ਪੌੜੀਆਂ ਚੜ੍ਹਕੇ, ਲੱਗਭਗ ਹਫਦਿਆਂ ਹੋਇਆਂ, ਉਹ ਰਿਸੈਪਸ਼ਨ ਉੱਤੇ ਜਾ ਪਹੁੰਚਿਆ।
ਅੱਗਿਓਂ ਰਿਸੈਪਸ਼ਨ ’ਤੇ ਬੈਠੀ ਵੀਹ-ਬਾਈ ਸਾਲ ਦੀ ਖ਼ੂਬਸੂਰਤ ਕੁੜੀ ਸਾਰਿਕਾ  ਸ਼ਰਮਾ, ਜਿਸ ਨਾਲ ਕੱਲ੍ਹ ਇੰਟਰਵਿਊ ਵੇਲੇ ਉਸਦੀ ਮੁਖ਼ਤਸਰ ਜਿਹੀ ਜਾਣ-ਪਛਾਣ ਹੋਈ ਸੀ, ਆਪਣੇ ਚਿਹਰੇ ’ਤੇ ਜਾਣੀ-ਪਛਾਣੀ ਬ੍ਰੈਂਡਡ ਪ੍ਰੋਫ਼ੈਸ਼ਨਲ ਮੁਸਕਾਨ ਚਿਪਕਾਈ ਖੜ੍ਹੀ ਸੀ, ਜੋ ਆਮ ਤੌਰ ਤੇ ਇਹਨਾਂ ਰਿਸੈਪਸ਼ਨਿਸ਼ਟ ਕੁੜੀਆਂ ਦਾ ਟ੍ਰੇਡ ਮਾਰਕ ਹੁੰਦੀ ਹੈ। ਕੁੜੀਆਂ ਦੀ ਖ਼ੂਬਸੂਰਤੀ ਤੋਂ ਬਾਅਦ ਦੂਸਰੇ ਨੰਬਰ ’ਤੇ ਲੱਗਦਾ ਹੈ ਕਿ ਇਹ ਮੁਸਕਾਨ ਹੀ ਉਹਨਾਂ ਦੀ ਉਹ ਜ਼ਰੂਰੀ ਕਵਾਲੀਫਿਕੇਸ਼ਨ ਹੁੰਦੀ ਹੋਏਗੀ, ਜਿਸ ਦੀ ਬਿਨ੍ਹਾ ਤੇ ਉਹਨਾਂ ਨੂੰ ਇਹ ਰਿਸੈਪਸ਼ਨਿਸ਼ਟ ਦੀ ਨੌਕਰੀ ਮਿਲਦੀ ਹੈ।
ਤੇਜਵੀਰ ਦੇ ਚਿਹਰੇ ’ਤੇ ਨਜ਼ਰ ਪੈਂਦਿਆਂ ਹੀ ਸਾਰਿਕਾ ਦੇ ਮੁੱਖੜੇ ਤੋਂ ਉਸਦੀ ਉਹ ਜਾਣੀ-ਪਛਾਣੀ ਮੁਸਕਾਨ ਇੱਕ ਦਮ ਪੂੰਝੀ ਗਈ।
“ਹੇ…ਯੂ ਤੇਜਵੀਰ…ਨੋ? ਐਂਡ ਯੂ ਆਰ ਲੇਟ ਆੱਨ ਦ ਵੈਰੀ ਫਸਟ ਡੇ ਆੱਵ ਯੁਅਰ ਜੌਬ ਮੈਨ?” ਉਸਨੇ ਸ਼ਿਕਾਇਤ ਤੇ ਹੈਰਾਨੀ ਦੀ ਮਿਲੀ-ਜੁਲੀ ਸੁਰ ’ਚ ਤੇਜਵੀਰ ਨੂੰ ਕਿਹਾ।
“ਨੋ…ਅ-ਆਈ ਮੀਨ ਯੈੱਸ…ਆਈ ਐਮ ਤੇਜਵੀਰ। ਆਈ ਐਮ ਸਾੱਰੀ…ਆਈ ਐਮ ਲੇਟ, ਬੱਸ ਪੰਜ ਮਿੰਟ ਹੀ ਲੇਟ ਹੋਇਆਂ…ਯੂ ਨੋ ਦ ਬਲੱਡੀ ਟ੍ਰੈਫਿਕ ਆਫ ਦਿਸ ਸਿਟੀ। ਬਾਈ ਦ ਵੇ, ਗੁੱਡ ਮਾੱਰਨਿੰਗ!” ਬੁੱਲ੍ਹਾਂ ’ਤੇ ਖਿਸਿਆਨੀ ਜਿਹੀ ਮੁਸਕੁਰਾਹਟ ਲਿਆ ਕੇ ਤੇਜਵੀਰ ਨੇ ਕਿਹਾ, “…ਐਂਡ ਯੂ ਆਰ ਲੁਕਿੰਗ ਐਜ਼ ਬਿਊਟੀਫੁਲ ਐਜ਼ ਯੈੱਸਟਰਡੇ!”
ਆਪਣੀ ਤਾਰੀਫ਼ ਸੁਣ ਕੇ ਸਾਰਿਕਾ ਦੇ ਚਿਹਰੇ ’ਤੇ ਨਰਮੀ ਦੇ ਭਾਵ ਆ ਗਏ, ਪਰ ਉਸਦੀ ਸੁਰ ’ਚ ਚਿੰਤਾ ਹਾਲੇ ਵੀ ਝਲਕ ਰਹੀ ਸੀ।
“ਤੇਜਵੀਰ! ਮੈਨ…ਭੋਗਲ ਸਾਹਬ ਆਏ ਹੋਏ ਨੇ ਤੇ ਤੁਹਾਡੇ ਲਈ ਇਹੀ ਆੱਰਡਰਜ਼ ਨੇ ਕਿ ਤੁਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਹੀ ਰਿਪੋਰਟ ਕਰਨੀ ਹੈ, ਐਂਡ ਆਈ ਐਮ ਆਫ਼ਰੇਡ…ਹੀ ਇਜ਼ ਵੈਰੀ ਪੰਕਚੁਅਲ ਐਂਡ ਸਟਰਿਕਟ ਮੈਨ ਇਨ ਡੀਡ! ਸੋ ਗਾੱਡ ਬਲੈੱਸ ਯੂ! ਪਲੀਜ਼ ਜਲਦੀ ਜਾਓ!”
“ਥੈਂਕਸ ਫ਼ਾੱਰ ਯੁਅਰ ਕਨਸਰਨ ਸਾਰਿਕਾ…!” ਕਹਿੰਦਿਆਂ ਤੇਜਵੀਰ ਭੋਗਲ ਸਾਹਬ ਦੇ ਕੈਬਿਨ ਵੱਲ ਲਪਕਿਆ।
ਭੋਗਲ ਸਾਹਬ, ਯਾਨੀ ਕਿ ਜਨਾਬ ਤਾਰਾ ਚੰਦ ਭੋਗਲ, ਸ਼ਹਿਰ ਦੇ ਮੰਨੇ-ਪ੍ਰਮੰਨੇ ਉਦਯੋਗਪਤੀ ਅਤੇ ਖ਼ਾਨਦਾਨੀ ਰਈਸ, ਇਸ ਅਖ਼ਬਾਰ ਦੇ ਬਾਨੀ, ਕਰਤਾ-ਧਰਤਾ ਅਤੇ ਨਾਲ਼ ਹੀ ਚੀਫ਼ ਐਡੀਟਰ ਵੀ ਹਨ। ਉਮਰ ਦੇ ਸੱਠਵਿਆਂ ਨੂੰ ਢੁਕੇ ਹੋਏ ਭੋਗਲ ਸਾਹਬ ਨੇ ਸਮਾਜ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਭਰੀ ਭਾਵਨਾ ਦੇ ਤਹਿਤ, ਇਸ ਅਖ਼ਬਾਰ ਦੀ ਸ਼ੁਰੂਆਤ ਅੱਜ ਤੋਂ ਕਰੀਬ ਪੱਚੀ ਵਰ੍ਹੇ ਪਹਿਲਾਂ ਉਸ ਵਕਤ ਕੀਤੀ ਸੀ, ਜਦੋਂ ਪੰਜਾਬ ਦਾ ਸੰਤਾਪ ਆਪਣੀ ਚਰਮ ਸੀਮਾ ’ਤੇ ਸੀ। ਓਸ ਵਕਤ ਜਦੋਂ ਪ੍ਰਿੰਟ ਮੀਡੀਆ ਧੜੇਬੰਦੀ ਦੀ ਭਾਵਨਾ ਤਹਿਤ ਰਿਪੋਰਟਿੰਗ ਕਰ ਰਿਹਾ ਸੀ, ਭੋਗਲ ਸਾਹਬ ਨੇ ਆਪਣੇ ਅਖ਼ਬਾਰ ਰਾਹੀਂ ਹਮੇਸ਼ਾਂ ਮਾਨਵਤਾ ਦਾ ਪੱਖ ਪੂਰਿਆ ਅਤੇ ਸਾਰੀ ਸਮੱਸਿਆ ਅਤੇ ਸੂਰਤੇ-ਹਾਲ ਦੀ ਸਹੀ ਤਸਵੀਰ ਲੋਕਾਂ ਸਾਹਮਣੇ ਲਿਆਉਣ ਲਈ ਜੀਅ-ਤੋੜ ਕੋਸ਼ਿਸ਼ ਕੀਤੀ। ਉਹਨਾਂ ਖਾੜਕੂਆਂ ਦੁਆਰਾ ਮਾਰੇ ਗਏ ਬੇਗ਼ੁਨਾਹ ਮਾਸੂਮ ਲੋਕਾਂ ਦੇ ਕਤਲੇਆਮ ਦੀ ਵੀ ਰੱਜ ਕੇ ਨਿਖੇਧੀ ਕੀਤੀ ਅਤੇ ਪੁਲਿਸ, ਭ੍ਰਿਸ਼ਟ ਅਫ਼ਸਰਸ਼ਾਹੀ ਅਤੇ ਸੌੜੇ ਹਿੱਤਾਂ ਵਾਲੇ ਰਾਜਨੀਤਿਕ ਲੋਕਾਂ ਦੇ ਪਾਜ ਵੀ ਉਘੇੜੇ। ਸੱਚ ਦੀ ਇਸ ਲੜਾਈ ਵਿੱਚ ਉਹਨਾਂ ਨੂੰ ਚਾਰੇ ਪਾਸਿਆਂ ਤੋਂ ਨਿਰੰਤਰ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰ ਭੋਗਲ ਸਾਹਬ ਦੇ ਖ਼ਾਨਦਾਨ ਦੇ ਅਸਰ ਰਸੂਖ਼ ਅਤੇ ਉਹਨਾਂ ਦੀ ਦਲੇਰੀ ਭਰਪੂਰ ਸ਼ਖ਼ਸੀਅਤ ਸਦਕਾ, ਉਹਨਾਂ ਕਦੇ ਵੀ ਆਪਣੇ ਕਦਮਾਂ ਨੂੰ ਸੱਚਾਈ ਦੇ ਰਾਹ ’ਤੋਂ ਥਿੜਕਣ ਨਾ ਦਿੱਤਾ।
ਪਰ ਅਜੋਕੇ ਦੌਰ ਵਿੱਚ ਪੱਤਰਕਾਰਾਂ ਦੇ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਤੋਂ ਉਹ ਬੜੇ ਹਤਾਸ਼ ਸਨ। ਅੱਜ ਦੀ ਪੀਲੀ ਪੱਤਰਕਾਰੀ ਅਤੇ ਪੱਤਰਕਾਰਾਂ ਦੀ ਉਦਾਸੀਨਤਾ ਤੋਂ ਉਹ ਖ਼ਾਸੇ ਨਿਰਾਸ਼ ਹੋ ਚੁੱਕੇ ਸਨ। ਉਹਨਾਂ ਲਈ ਖ਼ਬਰ ਦਾ ਅਰਥ ਸੁਣੀ-ਸੁਣਾਈ ਇੱਕ ਪਾਸੜ ਗੱਲ, ਅਫ਼ਵਾਹ ਜਾਂ ਸੈਂਸੇਸ਼ਨਲ ਸੁਰਖ਼ੀ ਭਰ ਨਹੀਂ ਸੀ। ਉਹਨਾਂ ਲਈ ਖ਼ਬਰ ਦਾ ਅਰਥ ਸੀ ਘਟਨਾ ਦੀ ਸਹੀ ਤੇ ਸੱਚੀ ਤਸਵੀਰ ਅਤੇ ਉਸਤੋਂ ਵੀ ਅੱਗੇ ਜਾ ਕੇ ਘਟਨਾ ਦੇ ਵਾਪਰਨ ਪਿੱਛੇ ਲੁਕਿਆ ਨੰਗਾ ਚਿੱਟਾ ਸੱਚ। ਅਤੇ ਇਸ ਸੱਚ ਨੂੰ ਲੋਕਾਂ ਸਾਹਮਣੇ ਉਜਾਗਰ ਕਰਨ ਵਾਲਾ ਹੀ ਉਹਨਾਂ ਦੀ ਨਜ਼ਰ ਵਿੱਚ ਸਹੀ ਅਰਥਾਂ ਵਿੱਚ ਪੱਤਰਕਾਰ ਹੈ। ਪਰ ਅੱਜਕੱਲ੍ਹ ਦੇ ਪੱਤਰਕਾਰ ਤਾਂ ਫ਼ੋਨ ’ਤੇ ਮਿਲੀ ਕਿਸੇ ਘਟਨਾ ਦੀ ਅੱਧ-ਪਚੱਧੀ ਤੇ ਇੱਕ ਪਾਸੜ ਜਿਹੀ ਜਾਣਕਾਰੀ ਦੇ ਆਧਾਰ ਤੇ ਹੀ ਰਿਪੋਰਟਿੰਗ ਕਰ ਦਿੰਦੇ ਹਨ। ਜਾਂ ਫਿਰ ਅਖ਼ਬਾਰਾਂ ਦੀਆਂ ਖ਼ਬਰਾਂ ਮਹਿਜ਼ ਰਾਜਨੀਤਿਕ ਤਾਕਤਾਂ ਦੀ ਇਸ਼ਤਿਹਾਰਬਾਜ਼ੀ ਬਣ ਕੇ ਰਹਿ ਗਈਆਂ ਹਨ। ਸਫ਼ਿਆਂ ਤੇ ਕਾਲਮਾਂ ਦੇ ਮੁੱਲ ਪੈਣ ਲੱਗ ਪਏ ਹਨ।
ਭੋਗਲ ਸਾਹਬ ਇਸ ਤਰ੍ਹਾਂ ਦੀ ਇੱਕ ਪਾਸੜ ਰਿਪੋਰਟਿੰਗ ਅਤੇ ਖ਼ਬਰਾਂ ਦੇ ਵਪਾਰੀਕਰਨ ਤੋਂ ਆਪਣੇ ਅਖ਼ਬਾਰ ਨੂੰ ਕਾਫ਼ੀ ਹੱਦ ਤੱਕ ਬਚਾ ਕੇ ਰੱਖਦੇ ਆਏ ਸਨ, ਪਰ ਆਪਣੇ ਸਟਾਫ਼ ਦੀ ਕਾਰਗੁਜ਼ਾਰੀ ਤੋਂ ਉਹ ਪੂਰਨ ਤੌਰ ਤੇ ਸੰਤੁਸ਼ਟ ਨਹੀਂ ਸਨ। ਅਜੋਕੀ ਨੌਜਵਾਨ ਨਸਲ ਤੋਂ ਤਾਂ ਉਹ ਖ਼ਾਸ ਤੌਰ ਤੇ ਚਿੜਦੇ ਸਨ। ਵਕਤ ਦੀ ਬੇਕਦਰੀ ਅਤੇ ਲਾਪਰਵਾਹੀ ਤਾਂ ਜਿਵੇਂ ਏਸ ਜਨਰੇਸ਼ਨ ਦਾ ਪਸੰਦੀਦਾ ਸ਼ੁਗਲ ਸੀ, ਤੇ ਉੱਤੋਂ ਦੀ ਕੋੜ੍ਹ ’ਤੇ ਖਾਜ ਵਾਂਗੂੰ ਬਗੈਰ ਕਿਸੇ ਟੀਚੇ ਤੇ ਸਿਧਾਂਤਾਂ ਦੇ ਬੇਲਗਾਮ ਜ਼ਿੰਦਗੀ। ਉਹਨਾਂ ਨੂੰ ਇਉਂ ਪ੍ਰਤੀਤ ਹੁੰਦਾ ਸੀ, ਜਿਵੇਂ ਸਾਰੀ ਦੀ ਸਾਰੀ ਨੌਜਵਾਨ ਨਸਲ ਡੂੰਘੇ ਪਤਾਲ ਵਿੱਚ ਗਰਕਦੀ ਜਾ ਰਹੀ ਹੋਵੇ ਤੇ ਉੱਤੋਂ ਦੀ ਇਸ ਵਹਿਮ ਵਿੱਚ ਵੀ ਮੁਬਤਲਾ ਕਿ ਉਹ ਉੱਚੇ ਅਸਮਾਨਾਂ ਦੀਆਂ ਉੱਚਾਈਆਂ ਨੂੰ ਛੂਹ ਰਹੇ ਹਨ। “ਦੇਅਰ ਇਜ਼ ਨੋ ਹੋਪ!” ਗਾਹੇ-ਬਗਾਹੇ ਆਖ ਕੇ ਭੋਗਲ ਸਾਹਬ ਆਪਣੀ ਨਿਰਾਸ਼ਾ ਦਾ ਮੁਜ਼ਾਹਰਾ ਕਰ ਦਿੰਦੇ।
“ਮੇ ਆਈ ਕਮ ਇਨ ਸਰ ?” ਕੈਬਿਨ ਦੇ ਦਰਵਾਜ਼ੇ ’ਤੇ ਹਲਕੀ ਜਿਹੀ ਦਸਤਕ ਦੇ ਕੇ, ਥੋੜ੍ਹਾ ਜਿਹਾ ਦਰਵਾਜ਼ਾ ਖੋਲ੍ਹ ਕੇ, ਗਰਦਨ ਅੰਦਰ ਕਰ ਤੇਜਵੀਰ ਨੇ ਦਬੀ ਹੋਈ ਆਵਾਜ਼ ’ਚ ਪੁੱਛਿਆ।
“ਕਮ ਇਨ ਯੰਗ ਮੈਨ।”
ਅੰਦਰ ਆ ਚੁੱਕੇ ਤੇਜਵੀਰ ਨੂੰ ਸਿਰ ਤੋਂ ਪੈਰਾਂ ਤੱਕ ਤਾੜਦਿਆਂ, ਭੋਗਲ ਸਾਹਬ ਨੇ ਆਪਣੇ ਗੁੱਟ ’ਤੇ ਬੰਨ੍ਹੀ ਘੜੀ ਵੱਲ ਨਜ਼ਰ ਮਾਰੀ।
“ਹੂੰ…ਯੂ ਆਰ ਨਾੱਟ ਸਪੋਜ਼ਡ ਟੂ ਬੀ ਲੇਟ ਸਪੈਸ਼ਲੀ ਟੁਡੇ ਯੰਗ ਮੈਨ! ਆਫ਼ਟਰ ਆਲ ਦਿਸ ਇਜ਼ ਦ ਫਸਟ ਡੇ ਆੱਵ ਯੁਅਰ ਜੌਬ ਐਂਡ ਇਟ ਸੀਮਜ਼ ਟੂ ਬੀ ਸੋ ਇਰਰਿਸਪਾਂਸੀਬਲ ਮਾਈ ਬੁਆਏ!”
“ਅ-ਆਈ ਐਮ ਸ-ਸਾੱਰੀ ਸਰ…ਉਹ ਕੀ ਹੈ ਕਿ…।”
ਅਗਲੇ ਬੋਲ ਤੇਜਵੀਰ ਦੇ ਮੂੰਹੋਂ ਨਿੱਕਲਣ ਤੋਂ ਪਹਿਲਾਂ ਹੀ ਭੋਗਲ ਸਾਹਬ ਦੇ ਵਿਸ਼ਾਲਾਕਾਰ ਆਫ਼ਿਸ ਟੇਬਲ ’ਤੇ ਪਏ ਟੈਲੀਫ਼ੋਨ ਦੀ ਘੰਟੀ ਵੱਜ ਪਈ।
ਤੇਜਵੀਰ ਨੂੰ ਇਉਂ ਲੱਗਿਆ ਜਿਵੇਂ ਉਸਨੂੰ ਮੌਤ ਦੇ ਖੂਹ ’ਚ ਡਿੱਗਦੇ ਨੂੰ ਕਿਸੇ ਨੇ ਬਾਹੋਂ ਫੜ ਕੇ ਖਿੱਚ ਲਿਆ ਹੋਵੇ। ਉਸਤੋਂ ਕੋਈ ਜਵਾਬ ਦਿੰਦੇ ਨਹੀਂ ਬਣ ਪਾ ਰਿਹਾ ਸੀ। ਭੋਗਲ ਸਾਹਬ ਦੀ ਰੋਅਬਦਾਰ ਸ਼ਖ਼ਸੀਅਤ ਸਾਹਮਣੇ ਉਸਦੇ ਐਸੇ ਪਸੀਨੇ ਛੁੱਟੇ ਕਿ ਕੋਈ ਬਹਾਨਾ ਵੀ ਨਹੀਂ ਸੁੱਝ ਰਿਹਾ ਸੀ। ਤੇ ਐਨ ਉਸੇ ਵਕਤ, ਕਿਸੇ ਖ਼ੁਦਾਈ ਮਦਦ ਦੀ ਤਰ੍ਹਾਂ, ਇਹ ਟੈਲੀਫ਼ੋਨ ਦੀ ਘੰਟੀ ਵੱਜ ਪਈ। ਤੇਜਵੀਰ ਮਨ ਹੀ ਮਨ ਉਸ ਟੈਲੀਫ਼ੋਨ ਕਰਨ ਵਾਲੇ ਦਾ ਸ਼ੁਕਰੀਆ ਅਦਾ ਕਰ ਰਿਹਾ ਸੀ, ਜਿਸਨੇ ਭਾਵੇਂ ਵਕਤੀ ਤੌਰ ਤੇ ਹੀ ਸਹੀ, ਉਸਦੀ ਜਾਨ ਨੂੰ ਇਸ ਮੁਸੀਬਤ ’ਚੋਂ ਬਾਹਰ ਕੱਢ ਲਿਆ ਸੀ।
“ਵਾੱਟ…? …ਓਹ ਮਾਈ ਗੁੱਡ ਗਾੱਡ!  ਕੀ ਨਾਂ  ਦੱਸਿਆ? … ਓਹ… ਦਿਸ ਇਜ਼ ਸੋ ਅਨਫ਼ਾਰਚੂਨੇਟ…!” ਕਹਿੰਦਿਆਂ ਭੋਗਲ ਸਾਹਬ ਦੇ ਚਿਹਰੇ ’ਤੇ ਮਾਤਮ ਛਾ ਗਿਆ। ਮੱਥੇ ’ਤੇ ਦੁੱਖ ਅਤੇ ਚਿੰਤਾ ਦੀਆਂ ਲਕੀਰਾਂ ਪੈ ਗਈਆਂ। ਜ਼ਰੂਰ ਫ਼ੋਨ ’ਤੇ ਕੋਈ ਬੁਰੀ ਖ਼ਬਰ ਮਿਲੀ ਸੀ। ਤੇਜਵੀਰ ਦਾ ਪੂਰਾ ਧਿਆਨ ਹੁਣ ਆਪਣੀ ਹਾਲਤ ਤੋਂ ਛਿਟਕ ਕੇ, ਭੋਗਲ ਸਾਹਬ ਦੇ ਮੌਜੂਦਾ ਮੂਡ ਵੱਲ ਕੇਂਦਰਿਤ ਹੋ ਗਿਆ ਸੀ। ਆਖ਼ਿਰ ਐਸੀ ਕਿਹੜੀ ਗੱਲ ਹੋ ਗਈ ਸੀ, ਜੋ ਭੋਗਲ ਸਾਹਬ ਦੇ ਮੂਡ ਵਿੱਚ ਏਨੀ ਅਚਾਨਕ ਇਹ ਪਰਿਵਰਤਨ ਆ ਗਿਆ ਸੀ?
“…ਠੀਕ ਹੈ, ਮੈਂ ਭੇਜਦਾ ਹਾਂ ਕਿਸੇ ਨੂੰ।” ਇਹ ਆਖ ਕੇ ਭੋਗਲ ਸਾਹਬ ਨੇ ਟੈਲੀਫ਼ੋਨ ਦਾ ਰਿਸੀਵਰ ਕ੍ਰੈਡਿਲ ’ਤੇ ਟਿਕਾਇਆ ਅਤੇ ਇੰਟਰਕਾਮ ਦਾ ਬਜ਼ਰ ਦਬਾ ਕੇ ਆਪਣੀ ਪਰਸਨਲ ਸੈਕ੍ਰੇਟਰੀ ਨੂੰ ਨਿਰਦੇਸ਼ ਦਿੱਤਾ, “ਮਿਸ ਸਿਮਰਨ! ਸੈਂਡ ਮਿ. ਗਗਨ ਇੱਮੀਡੀਏਟਲੀ ਇਨਸਾਈਡ ਮਾਈ ਕੈਬਿਨ।”
ਤਕਰੀਬਨ ਅੱਧਾ ਮਿੰਟ ਭੋਗਲ ਸਾਹਬ ਆਪਣੀ ਗੱਦੇਦਾਰ ਕੁਰਸੀ ਦੀ ਪੁਸ਼ਤ ’ਤੇ ਸਿਰ ਟਿਕਾ ਕੇ, ਕਿਸੇ ਗਹਿਰੀ ਸੋਚ ’ਚ ਡੁੱਬੇ ਰਹੇ। ਫਿਰ ਅਚਾਨਕ ਉਹਨਾਂ ਨੂੰ ਉਥੇ ਤੇਜਵੀਰ ਦੀ ਮੌਜੂਦਗੀ ਦਾ ਖ਼ਿਆਲ ਆਇਆ ਅਤੇ ਇਹ ਵੀ ਕਿ ਉਹਨਾਂ ਨੇ ਤੇਜਵੀਰ ਨੂੰ ਹਾਲੇ ਤੱਕ ਬੈਠਣ ਲਈ ਵੀ ਨਹੀਂ ਕਿਹਾ ਸੀ।
“ਸਿਟ ਡਾਊਨ ਮਾਈ ਬੁਆਏ।” ਕਦਰਨ ਨਰਮ ਸੁਰ 'ਚ ਭੋਗਲ ਸਾਹਬ ਬੋਲੇ। ਸ਼ਾਇਦ ਉਸੇ ਮੰਦਭਾਗੀ ਖ਼ਬਰ ਦਾ ਨਤੀਜਾ ਸੀ ਕਿ ਉਹਨਾਂ ਦੇ ਰੁਖ਼ ’ਚ ਕੁਝ ਨਰਮੀ ਆ ਗਈ ਸੀ ਅਤੇ ਤੇਜਵੀਰ ਦੇ ਨੌਕਰੀ ਦੇ ਪਹਿਲੇ ਦਿਨ ਹੀ ਲੇਟ ਹੋਣ ਦੀ ਨਾਰਾਜ਼ਗੀ ਨੂੰ ਜਾਂ ਤਾਂ ਉਹ ਭੁੱਲ ਗਏ ਸਨ, ਜਾਂ ਜਾਣ ਬੁੱਝ ਕੇ ਹੀ ਅੱਖੋਂ ਪਰੋਖੇ ਕਰ ਦਿੱਤਾ ਸੀ।
ਅੱਗਿਓਂ ਕੁਝ ਕਹਿਣ ਲਈ ਭੋਗਲ ਸਾਹਬ ਨੇ ਮੂੰਹ ਖੋਲ੍ਹਿਆ ਹੀ ਸੀ ਕਿ ਕੈਬਿਨ ਦੇ ਦਰਵਾਜ਼ੇ ਤੋਂ ਆਵਾਜ਼ ਆਈ।
“ਮੇ ਆਈ ਕਮ ਇਨ ਸਰ?”
“ਯੈੱਸ, ਕਮ ਇਨ ਗਗਨ! ਮੈਂ ਤੇਰਾ ਹੀ ਇੰਤਜ਼ਾਰ ਕਰ ਰਿਹਾ ਸੀ। ਕਮ ਸਿਟ।”
ਗਗਨ ਨੇ ਇੱਕ ਉੱਡਦੀ ਹੋਈ ਨਿਗ੍ਹਾ ਤੇਜਵੀਰ ’ਤੇ ਮਾਰੀ ਅਤੇ ਫਿਰ ਭੋਗਲ ਸਾਹਬ ਦੇ ਮੂਡ ਦੇ ਮੱਦੇਨਜ਼ਰ ਤੇਜਵੀਰ ਦੀ ਬਗਲ ਦੀ ਸੀਟ ਮੱਲਦਿਆਂ, ਹਿਚਕਿਚਾਉਂਦੇ ਹੋਏ ਪੁੱਛਣ ਲੱਗਾ।
“ਗ਼ੁਸਤਾਖ਼ੀ ਮਾਫ਼ ਸਰ…ਕੀ ਗੱਲ? ਸਭ ਖ਼ੈਰੀਅਤ ਤਾਂ ਹੈ? ਤੁਸੀਂ ਕਾਫ਼ੀ ਅਪਸੈੱਟ ਨਜ਼ਰ ਆ ਰਹੇ ਹੋ?”
“ਓਹ ਯੈੱਸ ਮਾਈ ਬੁਆਏ! ਦਰਅਸਲ ਥਾਣੇ ’ਚੋਂ ਹੁਣੇ-ਹੁਣੇ ਫ਼ੋਨ ਆਇਆ ਕਿ ਐੱਸ.ਬੀ.ਐੱਸ. ਕਾਲਜ ਦੇ ਗਰਲਜ਼ ਹੋਸਟਲ ਵਿੱਚ ਰੁਪਿੰਦਰ ਢਿੱਲੋਂ ਨਾਂ ਦੀ ਇੱਕ ਲੜਕੀ ਦੀ ਮੌਤ ਹੋ ਗਈ ਹੈ…।”
“ ਉਹ ਤਾਂ ਠੀਕ ਹੈ ਸਰ…ਪਰ ਤੁਸੀਂ ਇਸ ਖ਼ਬਰ ਤੋਂ ਏਨੇ ਜ਼ਿਆਦਾ ਪਰੇਸ਼ਾਨ ਕਿਉਂ ਲੱਗ ਰਹੇ ਓਂ?”
ਨਾ ਚਾਹੁੰਦੇ ਹੋਏ ਵੀ ਗਗਨ ਨੇ ਭੋਗਲ ਸਾਹਬ ਦੀ ਗੱਲ ਨੂੰ ਵਿਚੋਂ ਹੀ ਟੋਕਦਿਆਂ ਪੁੱਛਿਆ।
ਜੇ ਕੋਈ ਹੋਰ ਵਕਤ ਹੁੰਦਾ, ਤਾਂ ਗਗਨ ਦਾ ਇਉਂ ਵਿੱਚੋਂ ਟੋਕਣਾ ਭੋਗਲ ਸਾਹਬ ਨੂੰ ਚੰਗਾ ਨਹੀਂ ਸੀ ਲੱਗਣਾ, ਪਰ ਇਸ ਵੇਲ਼ੇ ਉਹਨਾਂ ਨੇ ਉਸਦੀ ਇਸ ਹਰਕਤ ਵੱਲ ਬਹੁਤਾ ਗ਼ੌਰ ਨਹੀਂ ਕੀਤਾ ਅਤੇ ਗਗਨ ਦੇ ਸਵਾਲ ਦਾ ਜਵਾਬ ਦੇਣ ਲੱਗੇ।
“ਗਗਨ! ਮੇਰੇ ਇੱਕ ਅਜ਼ੀਜ਼ ਦੋਸਤ ਨੇ ਸ. ਅਮਰੀਕ ਸਿੰਘ ਢਿੱਲੋਂ। ਜੋ ਰਾਏਕੋਟ ਦੇ ਇੱਕ ਨਾਮੀ-ਗਰਾਮੀ ਬੰਦੇ ਨੇ। ਆਪਣੇ ਇਲਾਕੇ ’ਚ ਉਹਨਾਂ ਦਾ ਆੜ੍ਹਤ ਦਾ ਬਹੁਤ ਲੰਬਾ-ਚੌੜਾ ਕਾਰੋਬਾਰ ਹੈ। ਉਹਨਾਂ ਦੀ ਬੇਟੀ ਵੀ ਐੱਸ.ਬੀ.ਐੱਸ. ਕਾਲਜ ਦੇ ਹੋਸਟਲ ਵਿੱਚ ਹੀ ਰਹਿੰਦੀ ਹੈ। ਆਈ ਐਮ ਆਫ਼ਰੇਡ ਮਾਈ ਬੁਆਏ…ਜੇ ਮੇਰੀ ਯਾਦਦਾਸ਼ਤ ਧੋਖਾ ਨਹੀਂ ਦੇ ਰਹੀ ਤਾਂ ਉਹਨਾਂ ਦੀ ਬੇਟੀ ਦਾ ਨਾਂ ਵੀ ਰੁਪਿੰਦਰ ਹੀ ਹੈ। ਮੈਨੂੰ ਡਰ ਹੈ ਕਿ ਕਿਤੇ ਇਹ ਮਰਨ ਵਾਲੀ ਲੜਕੀ ਢਿੱਲੋਂ ਸਾਹਬ ਦੀ ਬੇਟੀ ਹੀ ਤਾਂ ਨਹੀਂ? ਜੇ ਮੇਰਾ ਸ਼ੱਕ ਸਹੀ ਨਿੱਕਲਿਆ ਗਗਨ ਤਾਂ ਇਹ ਮੇਰੇ ਦੋਸਤ ਅਤੇ ਉਸਦੀ ਵਾਈਫ਼ ਲਈ ਇੱਕ ਬਹੁਤ ਵੱਡਾ ਇਮੋਸ਼ਨਲ ਸੈੱਟਬੈਕ ਹੋਵੇਗਾ। ਉਹਨਾਂ ਦੀ ਇੱਕਲੌਤੀ ਬੇਟੀ ਹੈ ਉਹ। ਗਗਨ, ਆਈ ਵਾਂਟ, ਕਿ ਤੂੰ ਫ਼ੌਰਨ ਉਥੇ ਜਾ ਕੇ ਨਿਊਜ਼ ਕਵਰ ਕਰ ਅਤੇ ਪੂਰੀ ਸੂਰਤੇ-ਹਾਲ ਦੀ ਮੈਨੂੰ ਇਮੀਡੀਏਟਲੀ ਖ਼ਬਰ ਕਰ।”
“ਰਾਈਟ ਅਵੇ ਸਰ!”
ਆਖ ਕੇ ਗਗਨ ਭੋਗਲ ਸਾਹਬ ਅੱਗੇ ਸਿਰ ਨਿਵਾ ਕੇ, ਆਪਣੀ ਸੀਟ ’ਤੋਂ ਉੱਠ ਕੇ ਜਾਣ ਲਈ ਮੁੜਨ ਲੱਗਾ ਤਾਂ ਭੋਗਲ ਸਾਹਬ ਨੂੰ ਜਿਵੇਂ ਕੁਝ ਯਾਦ ਆ ਗਿਆ।
“ਬਾਈ ਦ ਵੇ ਗਗਨ! ਮੀਟ ਮਿ. ਤੇਜਵੀਰ ਸਿੰਘ ਸ਼ੇਰਗਿਲ…ਇਸਨੇ ਅੱਜ ਹੀ ਜੁਆਇਨ ਕੀਤਾ…।”
ਮਾਹੌਲ ਦੀ ਟੈਂਸ਼ਨ ਦੇ ਮੱਦੇਨਜ਼ਰ ਗਗਨ ਨੇ ਬੜੀ ਹਲਕੀ ਜਿਹੀ ਮੁਸਕੁਰਾਹਟ ਨਾਲ ਤੇਜਵੀਰ ਨੂੰ ਹੈਲੋ ਕਿਹਾ ਅਤੇ ਤੇਜਵੀਰ ਨੇ ਉਸਤੋਂ ਵੀ ਹਲਕੀ ਜਿਹੀ ਮੁਸਕੁਰਾਹਟ ਨਾਲ ਉਸਦੀ ਹੈਲੋ ਨੂੰ ਕਬੂਲਿਆ।
“…ਤੂੰ ਇਸ ਤਰ੍ਹਾਂ ਕਰ ਗਗਨ ਕਿ ਤੇਜਵੀਰ ਨੂੰ ਵੀ ਨਾਲ ਹੀ ਲੈ ਜਾ। ਕੁਝ ਦਿਨ ਆਪਣੇ ਨਾਲ਼ ਹੀ ਰੱਖ ਇਸਨੂੰ। ਇਸ ਤਰ੍ਹਾਂ ਕ੍ਰਾਈਮ ਰਿਪੋਰਟਿੰਗ ਦੀ ਥੋੜ੍ਹੀ ਬਹੁਤ ਪ੍ਰੈਕਟੀਕਲ ਨਾੱਲੇਜ ਵੀ ਹੋ ਜਾਏਗੀ ਇਸਨੂੰ।”
“ਓ ਕੇ ਸਰ!…ਕਮ ਮਿ. ਤੇਜਵੀਰ।” ਕਹਿੰਦਿਆਂ ਗਗਨ ਨੇ ਭੋਗਲ ਸਾਹਬ ਅੱਗੇ ਦੁਬਾਰਾ ਸਿਰ ਨਿਵਾਇਆ ਅਤੇ ਦਰਵਾਜ਼ੇ ਵੱਲ ਨੂੰ ਮੁੜ ਪਿਆ।
ਤੇਜਵੀਰ ਵੀ ਉਸਦੀ ਦੇਖਾ-ਦੇਖੀ ਭੋਗਲ ਸਾਹਬ ਅੱਗੇ ਸਿਰ ਨਿਵਾ, ਉਸਦੇ ਪਿੱਛੇ ਹੋ ਤੁਰਿਆ।
ਤੇਜਵੀਰ ਨੇ ਦਰਵਾਜ਼ੇ ਨੂੰ ਹੱਥ ਪਾਇਆ ਹੀ ਸੀ ਕਿ ਪਿੱਛੋਂ ਭੋਗਲ ਸਾਹਬ ਦੀ ਆਵਾਜ਼ ਆਈ, “ਬਾਈ ਦ ਵੇ ਤੇਜਵੀਰ…।”
ਤੇਜਵੀਰ ਠਿਠਕ ਕੇ ਪਿੱਛੇ ਨੂੰ ਮੁੜਿਆ ਤਾਂ ਭੋਗਲ ਸਾਹਬ ਨੇ ਕਦਰਨ ਸੰਤੁਲਿਤ ਆਵਾਜ਼ ਵਿੱਚ ਕਿਹਾ, “…ਆਈ ਵਿਸ਼ ਯੂ ਵੈਰੀ ਗੁਡ ਲੱਕ ਫਾਰ ਦ ਬਿਗਨਿੰਗ ਆੱਵ ਯੁਅਰਜ਼ ਪ੍ਰੋਫ਼ੈਸ਼ਨਲ ਲਾਈਫ਼ ਮਾਈ ਬੁਆਏ! ਵੈਲਕਮ ਟੂ ਦ ਫ਼ੈਮਿਲੀ!”
“ਥੈਂਕ ਯੂ ਵੈਰੀ ਮੱਚ ਸਰ! ਆਈ ਰੀਅਲੀ ਫ਼ੀਲ ਔਨਰਡ ਵਰਕਿੰਗ ਅੰਡਰ ਸੱਚ ਅ ਗ੍ਰੇਟ ਗਾਈਡੈਂਸ ਆਫ਼ ਯੁਅਰਜ਼ ਸਰ!” ਆਖ ਕੇ ਤੇਜਵੀਰ ਵੀ ਗਗਨ ਦੇ ਪਿੱਛੇ-ਪਿੱਛੇ ਹੀ ਭੋਗਲ ਸਾਹਬ ਦੇ ਕੈਬਿਨ ’ਚੋਂ ਬਾਹਰ ਆ ਗਿਆ।
ਬਾਹਰ ਨਿੱਕਲਦੇ ਸਾਰ ਹੀ ਤੇਜਵੀਰ ਨੇ ਇੱਕ ਚੈਨ ਭਰਿਆ ਲੰਬਾ ਸਾਹ ਛੱਡਿਆ।
‘ਅੱਜ ਤਾਂ ਰੱਬੋਂ ਹੀ ਬਚਾਅ ਹੋ ਗਿਆ। ਜੇ ਕਿਤੇ ਉਹ ਟੈਲੀਫ਼ੋਨ ਨਾ ਆਉਂਦਾ ਤਾਂ…। ਚਲੋ…ਜਾਨ ਬਚੀ ਸੋ ਲਾਖੋਂ ਪਾਏ।’
ਪਰ ਅਗਲੇ ਹੀ ਪਲ ਉਸਨੂੰ ਆਪਣੀ ਇਸ ਸੋਚ ’ਤੇ ਬੜੀ ਸ਼ਰਮ ਜਿਹੀ ਮਹਿਸੂਸ ਹੋਈ। ਇੱਕ ਨੌਜਵਾਨ ਮੌਤ ਦੀ ਖ਼ਬਰ ਦੇ ਜ਼ਰੀਏ ਤੋਂ ਇਉਂ ਚੈਨ ਜਿਹਾ ਮਹਿਸੂਸ ਕਰਨਾ, ਉਸਨੂੰ ਚੰਗਾ ਜਿਹਾ ਨਾ ਲੱਗਾ।
ਫਿਰ ਗਗਨ ਦੀ ਆਵਾਜ਼ ਨਾਲ  ਉਸਦੀ ਇਸ ਸੋਚ ਨੂੰ ਬ੍ਰੇਕਾਂ ਲੱਗੀਆਂ।
“ਹਾਂ ਬਈ ਤੇਜਵੀਰ ਸਿੰਘ ਸ਼ੇਰਗਿਲ ਸਾਹਬ! ਬੰਦੇ ਨੂੰ ਗਗਨਜੀਤ ਸਿੰਘ ਤੂਰ, ਇਨ ਸ਼ਾੱਰਟ, ਗਗਨ ਕਹਿੰਦੇ ਨੇ ਤੇ ਮਾ-ਬਦੌਲਤ ਰੋਜ਼ਾਨਾ ਖ਼ਬਰਨਾਮਾ ’ਚ ਸੀਨੀਅਰ ਕ੍ਰਾਈਮ ਰਿਪੋਰਟਰ ਦੇ ਅਹੁਦੇ ’ਤੇ ਵਿਰਾਜਮਾਨ ਹਨ।”
‘ਮੁਗ਼ਲੇ-ਆਜ਼ਮ’ ਦੇ ਅਕਬਰ, ‘ਪ੍ਰਿਥਵੀ ਰਾਜ ਕਪੂਰ’ ਦੇ ਖ਼ਾਸ ਸ਼ਾਹਾਨਾ ਅੰਦਾਜ਼ ਦੀ ਨਕਲ ਕਰਦਿਆਂ ਗਗਨ ਨੇ ਆਪਣਾ ਸੱਜਾ ਹੱਥ ਹਵਾ ’ਚ ਲਹਿਰਾਇਆ ਤੇ ਫਿਰ ਅੱਗੇ ਵਧਾ ਦਿੱਤਾ।
ਤੇਜਵੀਰ ਨੇ ਬੜੀ ਮੁਸ਼ਕਿਲ ਨਾਲ ਆਪਣੇ ਹਾਸੇ ਨੂੰ ਕਾਬੂ ਕਰਦਿਆਂ, ਬੜੀ ਗਰਮਜੋਸ਼ੀ ਨਾਲ ਹੱਥ ਮਿਲਾਇਆ।
“ਨਾ ਗੱਲ ਸੁਣ ਯਾਰ! ਬਾਹਰ ਨਿੱਕਲਦਿਆਂ ਹੀ ਤੂੰ ਤਾਂ ਐਂ ਕਿਲੋਮੀਟਰ ਲੰਬਾ ਸਾਹ ਛੱਡਿਆ, ਜਿਵੇਂ ਕਿਤੇ ਵੀਹ ਸਾਲਾ ਕੱਟ ਕੇ ਜੇਲ੍ਹ ’ਚੋਂ ਬਾਹਰ ਨਿੱਕਲਿਆ ਹੁੰਨੈਂ। ਕੀ ਗੱਲ? ਕਿਤੇ ਹਿਟਲਰ ਸਾਹਬ ਨੇ ਪਹਿਲੇ ਦਿਨ ਹੀ ਗਿਆਰਾਂ ਤੋਪਾਂ ਦੀ ਸਲਾਮੀ ਤਾਂ ਨੀ ਦੇਤੀ ਤੈਨੂੰ?”
“ਨਹੀਂ ਸਰ …ਐਕਚੁਅਲੀ…।”
“ਬਈ ਗੱਲ ਸੁਣ ਭਰਾਵਾ! ਆਹ ਸਰ-ਸੁਰ ਜਿਹਾ ਗਿਆ ਤੇਲ ਲੈਣ।…” ਤੇਜਵੀਰ ਦੀ ਗੱਲ ਵਿੱਚੋਂ ਹੀ ਟੋਕਦਿਆਂ ਗਗਨ ਬੋਲਿਆ, “…ਇਹ ਸਰ ਤੇ ਮਿਸਟਰ ਦੀ ਟੋਪੀ ਤਾਂ ਆਪਾਂ ਹਿਟਲਰ ਦੇ ਕੈਬਿਨ ’ਚ ਵੜਨ ਲੱਗਿਆਂ ਹੀ ਪਾਈਦੀ ਐ ਬੱਸ…ਤੇ ਬਾਹਰ ਨਿੱਕਲਦਿਆਂ ਓਥੇ ਈ ਲਾਹ ਆਈਦੀ ਆ ਵੀਰ ਮੇਰੇ! ਸਭ ਯਾਰ-ਬੇਲੀ ਖ਼ਾਕਸਾਰ ਨੂੰ ਗਗਨ ਕਹਿ ਕੇ ਈ ਬੁਲਾਉਂਦੇ ਨੇ ਤੇ ਅੱਜ ਤੋਂ ਤੂੰ ਵੀ ਆਪਣਾ ਯਾਰ-ਬੇਲੀ…ਤੇ ਫ਼ਿਰ ਏਸੇ ਖ਼ੁਸ਼ੀ ’ਚ, ਸਿੱਟ ਹੱਥ ’ਤੇ ਹੱਥ!”
ਕਹਿੰਦਿਆਂ ਗਗਨ ਨੇ ਆਪਣਾ ਹੱਥ ਉਤਾਂਹ ਚੁੱਕਿਆ ਅਤੇ ਤੇਜਵੀਰ ਨੇ ਵੀ ਉਸਦੀਆਂ ਬੇ-ਤਕੱਲੁਫ਼ੀ ਭਰੀਆਂ ਗੱਲਾਂ ਤੋਂ ਪ੍ਰਭਾਵਿਤ ਹੋ, ਠਾਹ ਹੱਥ ’ਤੇ ਹੱਥ ਦੇ ਮਾਰਿਆ।
“ਲੈ…ਆਹ ਹੋਈ ਨਾ ਬੰਦਿਆਂ ਆਲ਼ੀ ਗੱਲ! ਤਾਂ ਚੱਲ ਫਿਰ ਆਪਣੇ ਹਿਟਲਰ ਸਾਹਬ ਦਾ ਹੁਕਮ ਇਉਂ ਠੋਕ ਕੇ ਵਜਾਈਏ, ਜਿਵੇਂ ਲੋਹੜੀ ਆਲ਼ੇ ਘਰ ਖੁਸਰਿਆਂ ਦੀ ਢੋਲਕੀ ਵੱਜਦੀ ਹੁੰਦੀ ਆ! …”
ਮਸਤੀ ’ਚ ਬੋਲਦਾ-ਬੋਲਦਾ ਗਗਨ ਦਫ਼ਤਰ ਦੇ ਮੇਨ ਗੇਟ ਵੱਲ ਹੋ ਤੁਰਿਆ ਅਤੇ ਤੇਜਵੀਰ ਵੀ ਉਸਦੀਆਂ ਖੱਟ-ਮਿੱਠੀਆਂ ਗੱਲਾਂ ਦਾ ਲੁਤਫ਼ ਲੈਂਦਾ ਹੋਇਆ, ਉਸਦੇ ਪਿੱਛੇ-ਪਿੱਛੇ ਹੋ ਤੁਰਿਆ।
ਰਿਸੈਪਸ਼ਨ ਕੋਲ਼ ਆ ਕੇ ਗਗਨ ਇੱਕ ਦਮ ਠਿਠਕਿਆ, ਤੇ ਫਿਰ ਸਾਰਿਕਾ ਨੂੰ ਸ਼ਰਾਰਤ ਨਾਲ ਅੱਖ ਮਾਰਦਿਆਂ, ਉਸਨੇ ਉਸਦੀ ਪੀਲ਼ੇ ਰੰਗ ਦੀ ਪੁਸ਼ਾਕ ’ਤੇ ਤਵਾ ਲਾਉਣਾ ਸ਼ੁਰੂ ਕਰ ਦਿੱਤਾ।
“ਬੱਲੇ ਬਈ ਬੱਲੇ! ਅੱਜ ਤਾਂ ਆਪਣੀ ਕਰੀਨਾ ਕਪੂਰ ਨਿਰੀ ਭਰਿੰਡ ਬਣੀ ਫਿਰਦੀ ਐ! ਦੇਖੀਂ ਕਿਤੇ, ਲੜ ਨਾ ਜਾਈਂ ਕਿਸੇ ਦੇ ਗੁੜ ਖਾ ਕੇ!”
ਸਾਰਿਕਾ ਨੇ ਬਦੋ-ਬਦੀ ਆਪਣਾ ਹਾਸਾ ਰੋਕਦਿਆਂ, ਤੇ ਉੱਤੋਂ-ਉੱਤੋਂ ਦੀ ਅੱਖਾਂ ਤਰੇਰਦਿਆਂ ਕਿਹਾ, “ਕੀਪ ਯੁਅਰ ਨਾਸਟੀ ਮਾਊਥ ਸ਼ੱਟ ਗਗਨ, ਫ਼ਾੱਰ ਹੈਵਨ ਸੇਕ!”
“ਨਾ ‘ਸੇਕ’ ਤੈਨੂੰ ਕਾਹਦਾ? ‘ਸੇਕ’ ਤਾਂ ਮਿੱਤਰਾਂ ਨੂੰ ਲੱਗਣ ਲੱਗ ਜਾਂਦਾ ਤੈਨੂੰ ਦੇਖ ਕੇ! ਮੈਨੂੰ ਤਾਂ ਤੂੰ ਨਿਰੀ-ਪੁਰੀ ਐਨ ਮਘਦੇ ਹੀਟਰ ਦਾ ਸਪਰਿੰਗ ਲੱਗਦੀ ਐਂ ਧਰਮ ਨਾਲ਼।”
“ਓਹ ਯੂ…!”
ਗੁੱਸੇ ਨਾਲ਼ ਦੰਦ ਕਰੀਚਦਿਆਂ ਸਾਰਿਕਾ ਨੇ ਜ਼ੋਰ ਨਾਲ਼ ਆਪਣਾ ਹੱਥ ਰਿਸੈਪਸ਼ਨ ਕਾਊਂਟਰ ’ਤੇ ਮਾਰਿਆ ਤਾਂ ਗਗਨ ਝੱਟ ਗੇਟ ਖੋਲ੍ਹ, ਦਫ਼ਤਰ ਦੀ ਦਹਿਲੀਜ਼ੋਂ ਪਾਰ ਹੋ ਗਿਆ।
ਓਸ ਵੱਲੋਂ ਧਿਆਨ ਹਟਦਿਆਂ ਹੀ, ਸਾਰਿਕਾ ਦਾ ਧਿਆਨ ਤੇਜਵੀਰ ਵੱਲ ਚਲਾ ਗਿਆ। ਤੇਜਵੀਰ ਵੱਲ ਵੇਖਦਿਆਂ, ਉਸਨੇ ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲੀ ਆਪਣੀ ਪੁੜਪੁੜੀ ’ਤੇ ਰੱਖ ਕੇ, ਚਾਬੀ ਵਾਂਗੂੰ ਹੱਥ ਨੂੰ ਘੁਮਾਉਂਦਿਆਂ, ਬਿਨਾਂ ਮੂੰਹੋਂ ਕੋਈ ਆਵਾਜ਼ ਕੱਢੇ, ਸਿਰਫ਼ ਆਪਣੇ ਬੁੱਲ੍ਹਾਂ ਦੀ ਹਰਕਤ ਨਾਲ ਹੀ ਕਿਹਾ, “ਹੀ ਇਜ਼ ਮੈਡ”। ਤੇਜਵੀਰ ਉਸ ਵੱਲ ਦੇਖ ਕੇ ਮੁਸਕੁਰਾਇਆ ਤਾਂ ਉਸਨੇ ਉਸੇ ਹੱਥ ਦੀਆਂ ਉਂਗਲਾਂ ਨੂੰ ਦੋ ਵਾਰ ਹਥੇਲੀ ਨਾਲ਼ ਛੁਹਾ ਕੇ, ਫ਼ੇਰ ਤੋਂ ਉਸੇ ਮੂਕ ਭਾਸ਼ਾ ’ਚ “ਬਾਏ” ਆਖਿਆ। ਤੇਜਵੀਰ ਨੇ ਵੀ ਉਸਦੀ 'ਬਾਏ' ਦਾ ਜਵਾਬ ਉਸੇ ਤਰ੍ਹਾਂ ਦਿੱਤਾ ਤੇ ਮੁਸਕੁਰਾਉਂਦਾ ਹੋਇਆ ਗੇਟੋਂ ਬਾਹਰ ਹੋ ਗਿਆ।
“ਦੇਖਿਆ ਬਾਬਿਓ! ਮਾਰ ਗਈ ਨਾ ਡੰਗ?” ਪੌੜੀਆਂ ਉੱਤਰਦਿਆਂ ਵੀ ਗਗਨ ਨੇ ਬਾਦਸਤੂਰ ਆਪਣੀਆਂ ਗੱਲਾਂ ਜਾਰੀ ਰੱਖੀਆਂ, “ਊਂ ਤਾਂ ਏਹਦਾ ਨਾਂ ਸਾਰਿਕਾ ਸ਼ਰਮਾ ਏ, ਪਰ ਮੈਂ ਏਹਨੂੰ ਕਰੀਨਾ ਕਪੂਰ ਈ ਕਹਿਨਾ ਹੁੰਨਾਂ। ਹੈ ਕਿ ਨਹੀਂ ਕਰੀਨਾ ਕਪੂਰ ਦੀ ਪੂਰੀ ਕਾਰਬਨ ਕਾਪੀ? ਊਂ ਤਾਂ ਬਾਹਮਣੀ  ਕੱਚ ਦੇ ਗਲਾਸ ਅਰਗੀ ਐ, ਬੱਸ ਬੋਲਚਾਲ ਨੂੰ ਈ ਕੌੜੀ ਐ!”
“ਨਹੀਂ ਯਾਰ ਗਗਨ!” ਤੇਜਵੀਰ ਨੇ ਵੀ ਹੁਣ ਉਸ ਨਾਲ ਪੂਰੀ ਤਰ੍ਹਾਂ ਨਾਲ਼ ਖੁੱਲ੍ਹਦਿਆਂ ਆਖਿਆ, “ਕੁੜੀ ਤਾਂ ਚੰਗੀ ਲੱਗਦੀ ਐ ਵਿਚਾਰੀ!”
“ਨਾ ਮੈਂ ਸੱਚੀਂ-ਮੁੱਚੀ ਦੀ ਮਾੜੀ ਥੋੜ੍ਹਾ ਆਖਦਾਂ ਯਾਰ! ਉਹ ਤਾਂ ਆਪਾਂ ਦੋ ਘੜੀ ਮਜ਼ਾਕ-ਮਜ਼ੂਕ ਕਰ ਲਈਦਾ ਵਿਚਾਰੀ ਨਾਲ਼, ਤੇ ਉਹ ਵੀ ਉੱਤੋਂ-ਉੱਤੋਂ ਈ ਸ਼ੱਟਅੱਪ-ਸ਼ੂਟਅੱਪ ਕਹਿੰਦੀ ਰਹਿੰਦੀ ਆ! ਦਿਲੋਂ ਗੁੱਸਾ ਨੀ ਕਰਦੀ ਵਿਚਾਰੀ!  ਅੰਦਰੋਂ ਉਹਨੂੰ ਵੀ ਪਤਾ ਬਈ ਮੇਰੀ ਨੀਤ ਮਾੜੀ ਨੀ ਹੈ। ਨਾਲ਼ੇ ਦੋ ਘੜੀਆਂ ਜਿਹੜੀਆਂ ਹੱਸ ਕੇ ਜਿਉਂ ਲਈਆਂ ਬਾਈ ਜੀ, ਉਹੀ ਪੱਲੇ ਰਹਿ ਜਾਣੀਆਂ। ਏਹੀ ਕਮਾਈ ਆ ਜਿਹੜੀ ਨਾਲ਼ ਰਹਿਣੀ ਆ ਸਾਰੀ ਉਮਰ! ਚੰਗੀਆਂ ਤੇ ਮਿੱਠੀਆਂ ਯਾਦਾਂ ਹੀ ਜ਼ਿੰਦਗੀ ਦਾ ਅਸਲ ਸਰਮਾਇਆ ਨੇ ਵੀਰ ਮੇਰੇ! ਕਰ ਲਓ ਜਿੰਨੀਆਂ ’ਕੱਠੀਆਂ ਕਰ ਹੁੰਦੀਆਂ, ਨਹੀਂ ਤਾਂ ਬੁੱਢੇ-ਵਾਰੇ ਹੋਰ ਕੁਛ ਨਹੀਂ ਕੰਮ ਆਉਣਾ! ਕਿਉਂ ਬਾਬਿਓ? ਠੀਕ ਕਿਹਾ ਨਾ ਮੈਂ? ਲੈ…ਆਹ ਤਾਂ ਵੱਡੀ ਗੱਡੀ ਆਲ਼ੇ ਸੰਤਾਂ ਆਂਗੂੰ ਕਥਾ ਜਿਹੀ ਹੋ ਗਈ ਯਾਰ! ਮੰਨ ਲਾ ਮਿੱਤਰਾ, ਜੇ ਕਿਤੇ ਕਿਸੇ ਦਿਨ ਆਪਣੇ ਹਿਟਲਰ ਸਾਹਬ ਨੇ ਪੱਤਾ ਈ ਸਾਫ਼ ਕਰਤਾ ਆਪਣਾ, ਤਾਂ ਫਿਰ ਸੰਤਗਿਰੀ ਤਾਂ ਕਿਤੇ ਨੀ ਗਈ ਤੇਰੇ ਵੀਰ ਦੀ! ਮਖਾਂ ਐਨ ਵੱਟ ’ਤੇ ਪਈ ਐ!”
ਉਸਦੀਆਂ ਸੁਆਦਲੀਆਂ ਗੱਲਾਂ ’ਚ ਤਿੰਨ ਮੰਜ਼ਲਾਂ ਕਿਵੇਂ ਮੁੱਕ ਗਈਆਂ, ਪਤਾ ਹੀ ਨਹੀਂ ਚੱਲਿਆ।
ਪਾਰਕਿੰਗ ’ਚ ਪਹੁੰਚ ਕੇ ਗਗਨ ਨੇ ਕਿਹਾ।
“ਹਾਂ ਬਈ ਤੇਜਵੀਰ! ਤੇਰੇ ਆਲ਼ੇ ਕਨਵੇਅੰਸ ’ਤੇ ਚੱਲੀਏ ਜਾਂ ਫਿਰ ਕੱਢੀਏ ਮਿਰਜ਼ੇ ਦੀ ਬੱਕੀ!”
ਇਹ ਕਹਿੰਦਿਆਂ ਜਦ ਉਸਨੇ ਆਪਣੇ ਨੱਬੇ ਮਾਡਲ ਬਜਾਜ ਚੇਤਕ ਸਕੂਟਰ ਵੱਲ ਇਸ਼ਾਰਾ ਕੀਤਾ, ਤਾਂ ਤੇਜਵੀਰ ਦੇ ਕੰਨਾਂ ਨੂੰ ਹੱਥ ਲੱਗ ਗਏ।
ਸਕੂਟਰ ਕਾਹਦਾ ਸੀ, ਬੱਸ ਟੀਨ ਦਾ ਡੱਬਾ ਸੀ। ਗਗਨ ਦੀ ਕੁਇੰਟਲ ਭਰ ਦੀ ਦੇਹ ਚੁੱਕ ਕੇ, ਐਥੇ ਤੱਕ ਪਹੁੰਚ ਕਿਵੇਂ ਗਿਆ? ਏਸੇ ਗੱਲ ਦੀ ਹੈਰਾਨੀ ਹੋ ਰਹੀ ਸੀ ਤੇਜਵੀਰ ਨੂੰ। ਦਸ-ਪੰਦਰਾਂ ਜਗ੍ਹਾ ਤੋਂ ਤਾਂ ਠੁਕਿਆ ਹੋਇਆ ਲੱਗਦਾ ਸੀ, ਥਾਂ-ਥਾਂ ’ਤੇ ਪੱਚ ਲਾ-ਲਾ ਵੈਲਡ ਕੀਤਾ ਹੋਇਆ ਸੀ, ਤੇ ਰੰਗ ਤਾਂ ਲੱਗਦਾ ਵਿਚਾਰੇ ਨੂੰ ਆਪ ਯਾਦ ਨੀ ਹੋਣਾ, ਬਈ ਜਦੋਂ ਖ਼ਰੀਦਿਆ ਸੀ ਤਾਂ ਕਿਹੋ ਜਿਹਾ ਸੀ?
ਸਕੂਟਰ ਦੀ ਤਰਸਭਰੀ ਹਾਲਤ ਦੇਖਦਿਆਂ, ਤੇਜਵੀਰ ਨੇ ਝੱਟ ਆਖਿਆ।
“ਕੋਈ ਗੱਲ ਨੀ ਗਗਨ, ਮੇਰੇ ਵਾਲ਼ੇ ਮੋਟਰ ਸਾਈਕਲ ’ਤੇ ਚੱਲਦੇ ਆਂ।”
“ਨਾ ਤੂੰ ਡਰਦਾ ਕਿਉਂ ਐਂ ਯਾਰ?” ਤੇਜਵੀਰ ਦੇ ਮਨ ਦੀ ਹਾਲਤ ਨੂੰ ਭਾਂਪਦਿਆਂ ਗਗਨ ਨੇ ਆਪਣਾ ‘ਸਕੂਟਰ-ਪੁਰਾਣ’ ਛੇੜ ਲਿਆ, “ਵੀਹ ਸਾਲ ਹੋ ਗਏ ਨੇ ਮਿਰਜ਼ੇ ਜੱਟ ਦੀ ਬੱਕੀ ਨੂੰ! ਬਹੱਤਰ ਵਾਰ ਠੁਕੀ ਐ ਵਿਚਾਰੀ! ਟੀਨ-ਟੱਪਰ ਭਾਵੇਂ ਵਿਚਾਰੀ ਦਾ ਤੀਲਾ-ਤੀਲਾ ਹੋ ਗਿਆ ਹੋਵੇ, ਪਰ ਮਜਾਲ ਐ ਜੇ ਕਿਤੇ ਸੜਕ ’ਤੇ ਵਿਚਾਲਿਉਂ ਰੁਕ ਜਾਵੇ? ਅੱਜ ਤੱਕ ਦਾ ਰਿਕਾਰਡ ਐ ਗਗਨ ਦੀ ਬੱਕੀ ਦਾ, ਬਈ ਰਾਹ ’ਚ ਸਹੁਰੀ ਦੇ ਪਲੱਗ ’ਚ ਵੀ ਕਚਰਾ ਆਇਆ ਹੋਵੇ ਕਿਤੇ! ਦੇਖਣ ਨੂੰ ਪੂਰੀ ਨਜ਼ਰਬੱਟੂ, ਪਰ ਚੱਲਣ ਨੂੰ ਐਨ ਟਿਪ-ਟੌਪ। ਤੇਰੀ ਭਾਬੀ ਨੂੰ ਵੀ ਦਾਨਾਬਾਦ ’ਤੋਂ ਇਹ ਗਗਨਜੀਤ ਸਿੰਘ ਮਿਰਜ਼ਾ ਜੱਟ, ਏਸੇ ਬੱਕੀ ’ਤੇ ਭਜਾ ਕੇ ਲਿਆਇਆ ਸੀ! ਆਵਾਗੌਣ ਨਾ ਸਮਝੀਂ ਏਹਨੂੰ ਵੀਰ ਮੇਰੇ!”
“ਐਸੀ ਗੱਲ ਨੀ ਵੀਰ ਜੀ! ਆਹ ਨੇੜੇ ਈ ਤਾਂ ਹੈ ਕਾਲਜ, ਘੁਮਾਰ ਮੰਡੀ ਵੱਲ। ਨਾਲ਼ੇ ਮੇਰੀ ਮੋਟਰ ਸਾਈਕਲ ਵੀ ਸੜਕ ਵੱਲ ਈ ਖੜ੍ਹੀ ਐ, ਕੱਢਣੀ ਸੌਖੀ ਰਹੂ। ਬੱਕੀ ਦੀ ਸਵਾਰੀ ਉਧਾਰ ਰਹੀ, ਅਗਲੀ ਵਾਰੀ ਸਹੀ। ਹੁਣ ਤਾਂ ਇਕੱਠੇ ਈ ਰਹਿਣਾ ਆਪਾਂ ਕਈ ਦਿਨਾਂ ਤੱਕ।”
ਕਹਿੰਦਿਆਂ ਤੇਜਵੀਰ ਮੱਲੋ-ਜ਼ੋਰੀ ਗਗਨ ਨੂੰ ਬਾਹੋਂ ਫੜਕੇ ਆਪਣੇ ਮੋਟਰ ਸਾਈਕਲ ਵੱਲ ਲੈ ਗਿਆ ਅਤੇ ਉਹ ਦੋਵੇਂ  ਐੱਸ.ਬੀ.ਐੱਸ. ਕਾਲਜ ਵੱਲ ਰਵਾਨਾ ਹੋ ਗਏ।

ਬਾਕੀ ਅਗਲੇ ਹਫਤੇ…

No comments:

Post a Comment